ਸੈਨ ਫਰਾਂਸਿਸਕੋ (ਆਈਏਐੱਨਐੱਸ) : ਜਾਪਾਨ ਦੇ ਅਰਬਪਤੀ ਯੂਸਾਕੂ ਮਾਇਜਾਵਾ ਨੇ ਚੰਦਰਮਾ 'ਤੇ ਮੁਫ਼ਤ 'ਚ ਯਾਤਰਾ ਕਰਨ ਲਈ ਪੇਸ਼ਕਸ਼ ਕੀਤੀ ਹੈ। ਉਹ ਇਸ ਯਾਤਰਾ ਲਈ ਸਾਰੇ ਇਲਾਕਿਆਂ ਤੋਂ ਅੱਠ ਲੋਕਾਂ ਦੀ ਚੋਣ ਕਰਨਗੇ। ਇਸ ਲਈ ਉਨ੍ਹਾਂ ਇਕ ਵੀਡੀਓ ਵੀ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਅੱਠ ਲੋਕਾਂ ਦਾ ਉਹ ਪੂਰਾ ਖਰਚ ਉਠਾਉਣਗੇ। ਐਲਨ ਮਸਕ ਦੀ ਕੰਪਨੀ ਸਪੇਸ-ਐਕਸ ਤੋਂ ਇਹ ਯਾਤਰਾ 2023 'ਚ ਪ੍ਰਸਤਾਵਿਤ ਹੈ। ਜਾਪਾਨ ਦੀ ਸਭ ਤੋਂ ਵੱਡੀ ਆਨਲਾਈਨ ਫੈਸ਼ਨ ਕੰਪਨੀ ਜੋਜੋਟਾਊਨ ਚਲਾਉਣ ਵਾਲੇ ਯੂਸਾਕੂ ਨੇ ਇਸ ਲਈ ਆਮ ਲੋਕਾਂ ਵਿਚਾਲੇ ਮੁਕਾਬਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਇਸ 'ਚ ਕੋਈ ਵੀ ਪ੍ਰਰੀ-ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੇ ਸਬੰਧ 'ਚ ਈਮੇਲ ਮਿਲੇਗੀ। ਯੂਸਾਕੂ ਨੇ ਵੀਡੀਓ 'ਚ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਪ੍ਰਰਾਈਵੇਟ ਯਾਤਰਾ ਹੈ, ਜਿਸ 'ਚ 10 ਤੋਂ 12 ਲੋਕ ਜਾਣਗੇ। ਇਸ ਮਿਸ਼ਨ ਦਾ ਨਾਂ 'ਡੀਅਰਮੂਨ' ਹੈ ਤੇ ਐਲਨ ਮਸਕ ਨੇ 2023 'ਚ ਸਪੇਸ-ਐਕਸ 'ਚ ਯਾਤਰਾ ਲਈ ਉਨ੍ਹਾਂ ਨੂੰ ਪਹਿਲਾ ਯਾਤਰੀ ਬਣਾਇਆ ਹੈ। ਹੁਣ ਉਹ ਉਨ੍ਹਾਂ ਅੱਠ ਲੋਕਾਂ ਨੂੰ ਆਪਣੇ ਨਾਲ ਮੁਫ਼ਤ 'ਚ ਲਿਜਾਣਾ ਚਾਹੁੰਦੇ ਹਨ ਜੋ ਵੱਖ-ਵੱਖ ਖੇਤਰਾਂ 'ਚ ਕੰਮ ਕਰਦੇ ਹਨ ਤੇ ਵਾਪਸ ਆਉਣ ਤੋਂ ਬਾਅਦ ਇਸ ਯਾਤਰਾ ਨਾਲ ਹੋਰ ਬਿਹਤਰ ਤਰੀਕੇ ਨਾਲ ਕੁਝ ਕਰ ਕੇ ਦਿਖਾਉਣਗੇ। ਇਹ ਯਾਤਰਾ ਛੇ ਦਿਨ ਦੀ ਹੋਵੇਗੀ। 'ਡੀਅਰਮੂਨ ਮਿਸ਼ਨ' ਜ਼ਰੀਏ ਇਨਸਾਨਾਂ ਦੇ ਚੰਦਰਮਾ 'ਤੇ ਜਾਣ ਦੀ ਇਹ ਮੁਹਿੰਮ 1972 ਤੋਂ ਬਾਅਦ ਹੋਵੇਗੀ। ਸਪੇਸ-ਐਕਸ ਨੇ 2021 ਦੇ ਅੰਤਰ ਤਕ ਆਮ ਲੋਕਾਂ ਲਈ ਮਿਸ਼ਨ ਇੰਸਪਿਰੇਸ਼ਨ-4 ਦੀ ਯੋਜਨਾ ਬਣਾਈ ਹੈ। ਇਹ ਚੈਰਿਟੀ ਮਿਸ਼ਨ ਹੋਵੇਗਾ। ਅਮਰੀਕਾ ਦੇ ਪਾਇਲਟ ਤੇ ਅਰਬਪਤੀ ਵਪਾਰੀ ਜੇਰੇਡ ਇਸਾਕਮੈਨ ਇਸਦੀ ਅਗਵਾਈ ਕਰਨਗੇ। ਉਨ੍ਹਾਂ ਨਾਲ ਤਿੰਨ ਲੋਕ ਹੋਰ ਜਾਣਗੇ।

----------

2025 ਤਕ ਪੁਲਾੜ 'ਚ ਹੋਟਲ ਬਣਾਉਣ ਦੀ ਯੋਜਨਾ

ਜੇ ਤੁਸੀਂ ਹੋਟਲ 'ਚ ਜਾਣਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਆਉਣ ਵਾਲੇ ਸਮੇਂ 'ਚ ਪੁਲਾੜ ਵੀ ਉਹ ਸਥਾਨ ਹੋਵੇਗਾ, ਜਿੱਥੇ ਠਹਿਰ ਕੇ ਪੂਰਾ ਲੁਫ਼ਤ ਉਠਾ ਸਕਦੇ ਹੋ। ਓਰਬੀਟਲ ਅਸੈਂਬਲੀ ਕਾਰਪੋਰੇਸ਼ਨ (ਓਏਸੀ) ਵਿਸ਼ਵ ਦਾ ਪਹਿਲਾ ਪੁਲਾੜ ਹੋਟਲ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਕੰਪਨੀ ਦੀ ਯੋਜਨਾ ਹੈ ਕਿ 2025 ਤਕ ਚਾਰ ਸੌ ਲੋਕਾਂ ਦੀ ਸਮਰੱਥਾ ਵਾਲੇ ਹੋਟਲ ਨੂੰ ਪੁਲਾੜ 'ਚ ਸ਼ੁਰੂ ਕਰ ਦਿੱਤਾ ਜਾਵੇ। ਇਸ ਹੋਟਲ 'ਚ ਥੀਮ ਰੇਸਤਰਾਂ, ਲਾਂਜ, ਸਿਨੇਮਾ ਘਰ, ਕੰਸਰਟ ਹਾਲ, ਬਾਰ, ਲਾਇਬ੍ਰੇਰੀ, ਜਿੰਮ ਤੇ ਹੈਲਥ ਸਪਾ ਵਰਗੀਆਂ ਸਹੂਲਤਾਂ ਹੋਣਗੀਆਂ। ਕੰਪਨੀ ਨੇ ਹੋਟਲ 'ਚ ਹਿੱਸੇਦਾਰੀ ਤੇ ਨਿਵੇਸ਼ ਲਈ ਵੀ ਕੰਪਨੀਆਂ ਨੂੰ ਸੱਦਾ ਭੇਜਿਆ ਹੈ।