ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਇਵਾਂਕਾ ਟਰੰਪ ਵੀ ਜਯੋਤੀ ਕੁਮਾਰੀ ਦੀ ਮੁਰੀਦ ਹੋ ਗਈ ਹੈ। ਉਨ੍ਹਾਂ ਟਵਿੱਟਰ 'ਤੇ ਉਸ ਦੀ ਕਹਾਣੀ ਨੂੰ ਸ਼ੇਅਰ ਕਰਦੇ ਹੋਏ ਉਸ ਵੱਲੋਂ ਕੀਤੇ ਗਏ ਕੰਮ ਨੂੰ ਧੀਰਜ ਅਤੇ ਪ੍ਰੇਮ ਦੀ ਸੁੰਦਰ ਮਿਸਾਲ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਜਯੋਤੀ ਅਤੇ ਉਸ ਦੇ ਪਿਤਾ ਹਰਿਆਣਾ ਦੇ ਗੁਰੂਗ੍ਰਾਮ 'ਚ ਰਹਿੰਦੇ ਸਨ ਪ੍ਰੰਤੂ ਲਾਕਡਾਊਨ ਦੌਰਾਨ ਪਿਤਾ ਮੋਹਨ ਪਾਸਵਾਨ ਇਕ ਹਾਦਸੇ ਵਿਚ ਜ਼ਖ਼ਮੀ ਹੋ ਗਏ ਸਨ, ਜਿਸ ਕਾਰਨ ਉਹ ਘਰ ਜਾਣ ਦੀ ਸਥਿਤੀ ਵਿਚ ਨਹੀਂ ਸਨ। ਅਜਿਹੇ ਸਮੇਂ ਧੀ ਜਯੋਤੀ 10 ਮਈ ਨੂੰ ਗੁਰੂਗ੍ਰਾਮ ਤੋਂ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ 1,200 ਕਿਲੋਮੀਟਰ ਦੂਰ ਬਿਹਾਰ ਦੇ ਦਰਭੰਗਾ ਲਈ ਰਵਾਨਾ ਹੋਈ ਅਤੇ 16 ਮਈ ਨੂੰ ਘਰ ਪੁੱਜੀ।

ਇਵਾਂਕਾ ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ 15 ਸਾਲਾਂ ਦੀ ਜਯੋਤੀ ਕੁਮਾਰੀ ਜ਼ਖ਼ਮੀ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ ਸੱਤ ਦਿਨਾਂ ਵਿਚ 1,200 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਪਿੰਡ ਪੁੱਜੀ। ਧੀਰਜ ਅਤੇ ਪਿਆਰ ਦੀ ਇਸ ਸੁੰਦਰ ਮਿਸਾਲ ਨੇ ਭਾਰਤੀਆਂ ਅਤੇ ਸਾਈਕਲਿੰਗ ਫੈਡਰੇਸ਼ਨ ਦਾ ਧਿਆਨ ਖਿੱਚਿਆ ਹੈ।

ਦੱਸਣਯੋਗ ਹੈ ਕਿ ਦਰਭੰਗਾ ਦੇ ਕਮਤੌਲ ਖੇਤਰ ਦੇ ਸਿਰਹੁੱਲੀ ਪਿੰਡ ਵਾਸੀ ਜਯੋਤੀ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਮਾਂ ਫੂਲੋ ਦੇਵੀ ਆਂਗਨਵਾੜੀ ਵਿਚ ਸਹਾਇਕਾ ਹੈ। ਪੰਜ ਭਰਾਵਾਂ-ਭੈਣਾਂ ਵਿਚ ਦੂਜੇ ਨੰਬਰ ਦੀ ਜਯੋਤੀ ਪੈਸੇ ਦੀ ਘਾਟ ਕਾਰਨ ਅੱਠਵੀਂ ਦੀ ਪੜ੍ਹਾਈ ਵਿਚਾਲੇ ਛੱਡ ਚੁੱਕੀ ਹੈ। ਹਾਲਾਂਕਿ ਬਿਮਾਰ ਪਿਤਾ ਨੂੰ ਘਰ ਲਿਆਉਣ ਪਿੱਛੋਂ ਭਾਰਤੀ ਸਾਈਕਲਿੰਗ ਫੈਡਰੇਸ਼ਨ (ਸੀਐੱਫਆਈ) ਨੇ ਉਸ ਨੂੰ ਟ੍ਰਾਇਲ ਲਈ ਸੱਦਾ ਦਿੱਤਾ ਹੈ। ਸੀਐੱਫਆਈ ਦੇ ਪ੍ਰਧਾਨ ਓਂਕਾਰ ਸਿੰਘ ਨੇ ਕਿਹਾ ਕਿ ਜੇਕਰ ਜਯੋਤੀ ਟ੍ਰਾਇਲ ਪਾਸ ਕਰ ਲੈਂਦੀ ਹੈ ਤਾਂ ਉਸ ਨੂੰ ਦਿੱਲੀ ਸਥਿਤ ਇੰਦਰਾ ਗਾਂਧੀ ਅਕਾਦਮੀ ਵਿਚ ਸਿਖਲਾਈ ਲਈ ਚੁਣਿਆ ਜਾਵੇਗਾ। ਸੀਐੱਫਆਈ ਦੇ ਸੱਦੇ 'ਤੇ ਜਯੋਤੀ ਦਾ ਕਹਿਣਾ ਹੈ ਕਿ ਉਸ ਨੇ ਸਾਈਕਲਿੰਗ ਦੇ ਬਾਰੇ ਵਿਚ ਕਦੇ ਸੋਚਿਆ ਨਹੀਂ ਸੀ ਪ੍ਰੰਤੂ ਹੁਣ ਇਸ ਲਈ ਪੂਰੀ ਮਿਹਨਤ ਕਰੇਗੀ।