ਵਾਸ਼ਿੰਗਟਨ (ਏਐੱਫਪੀ/ਏਪੀ) : ਈਰਾਨੀ ਤੇਲ ਟੈਂਕਰ ਗ੍ਰੇਸ ਵਨ ਨੂੰ ਜਿਬ੍ਰਾਲਟਰ 'ਚ ਰੁਕਵਾ ਸਕਣ 'ਚ ਅਸਫਲ ਰਹੇ ਅਮਰੀਕਾ ਨੇ ਹੁਣ ਉਸ ਨੂੰ ਕਬਜ਼ੇ 'ਚ ਲੈਣ ਦਾ ਨਵਾਂ ਰਸਤਾ ਲੱਭਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਵਾਰੰਟ ਜਾਰੀ ਕਰ ਕੇ ਅਮਰੀਕੀ ਨੇਵੀ ਤੇ ਹੋਰਨਾਂ ਏਜੰਸੀਆਂ ਨੂੰ ਟੈਂਕਰ 'ਤੇ ਕਬਜ਼ਾ ਕਰਨ ਦਾ ਆਦੇਸ਼ ਦਿੱਤਾ ਹੈ। 21 ਲੱਖ ਬੈਰਲ ਤੇਲ ਭਰਿਆ ਇਹ ਟੈਂਕਰ ਫਿਲਹਾਲ ਭੂਮੱਧ ਸਾਗਰ 'ਚ ਬਰਤਾਨੀਆ ਦੀ ਜਲ ਸੀਮਾ ਦੇ ਅੰਦਰ ਲੰਗਰ ਸੁੱਟੀ ਬੈਠਾ ਹੈ। ਇਸ ਨੂੰ ਵੀਰਵਾਰ ਨੂੰ ਜਿਬ੍ਰਾਲਟਰ ਤੋਂ ਮੁਕਤ ਕੀਤਾ ਗਿਆ ਸੀ। ਟੈਂਕਰ ਦੇ 28 ਮੈਂਬਰੀ ਚਾਲਕ ਦਲ 'ਚ ਕੈਪਟਨ ਸਮੇਤ 24 ਭਾਰਤੀ ਹਨ।

ਅਮਰੀਕਾ 'ਚ ਹੋਈ ਸੁਣਵਾਈ 'ਚ ਗ੍ਰੇਸ ਵਨ ਨੂੰ ਈਰਾਨ ਦੇ ਰੈਵੋਲੂਸ਼ਨਰੀ ਗਾਰਡਸ ਕਾਰਪਸ ਨਾਲ ਸਬੰਧਤ ਦੱਸਿਆ ਗਿਆ, ਜਿਸ ਨੂੰ ਅਮਰੀਕਾ ਨੇ ਅੱਤਵਾਦੀ ਜਥੇਬੰਦੀ ਐਲਾਨ ਕੀਤਾ ਹੋਇਆ ਹੈ। ਕਿਹਾ ਗਿਆ ਕਿ ਇਹ ਟੈਂਕਰ ਅਮਰੀਕਾ ਦੇ ਆਰਥਿਕ ਤੰਤਰ 'ਚ ਨਾਜਾਇਜ਼ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਪਾਬੰਦੀ ਦੇ ਬਾਵਜੂਦ ਸੀਰੀਆ ਨੂੰ ਤੇਲ ਦੀ ਸਪਲਾਈ ਕਰਨ ਜਾ ਰਿਹਾ ਸੀ। ਵਾਰੰਟ 'ਚ ਤੇਲ ਭਰਿਆ ਟੈਂਕਰ ਤੇ ਉਸ ਨਾਲ ਸਬੰਧਤ ਕੰਪਨੀ ਦੇ ਬੈਂਕ 'ਚ ਜਮ੍ਹਾਂ 9,95000 ਡਾਲਰ ਜ਼ਬਤ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਟੈਂਕਰ ਸੰਚਾਲਿਤ ਕਰਨ ਵਾਲੀ ਕੰਪਨੀ 'ਤੇ ਇੰਟਰਨੈਸ਼ਨਲ ਐਮਰਜੈਂਸੀ ਇਕੋਨਾਮਿਕ ਪਾਵਰ ਐਕਟ, ਬੈਂਕ ਨਾਲ ਧੋਖਾਦੇਹੀ, ਮਨੀ ਲਾਂਡਰਿੰਗ ਤੇ ਅੱਤਵਾਦ ਫੈਲਾਉਣ ਜਿਹੇ ਗੰਭੀਰ ਦੋਸ਼ ਲਾਏ ਗਏ ਹਨ।

ਸੂਤਰਾਂ ਮੁਤਾਬਕ ਟੈਂਕਰ ਦੇ ਚਾਲਕ ਦਲ ਦੇ ਕੁਝ ਮੈਂਬਰ ਛੁੱਟੀ 'ਤੇ ਚਲੇ ਗਏ ਹਨ। ਇਸ ਕਾਰਨ ਹੁਣ ਉਸ ਨੂੰ ਨਵੇਂ ਮੈਂਬਰਾਂ ਦੀ ਆਮਦ ਦੀ ਉਡੀਕ ਹੈ। ਇਸ ਲਈ ਟੈਂਕਰ ਭੂਮੱਧ ਸਾਗਰ 'ਚ ਖੜ੍ਹਾ ਹੋਇਆ ਹੈ। ਇਸ ਦਰਮਿਆਨ ਟੈਂਕਰ ਦੇ ਭਾਰਤੀ ਕੈਪਟਨ ਨੇ ਹੁਣ ਜ਼ਿੰਮੇਵਾਰੀ ਤੋਂ ਮੁਕਤ ਕੀਤੇ ਜਾਣ ਦੀ ਦਰਖ਼ਾਸਤ ਕੀਤੀ ਹੈ। ਕੈਪਟਨ ਦੇ ਵਕੀਲ ਮੁਤਾਬਕ ਟੈਂਕਰ 'ਚ ਕੁਝ ਮੁਰੰਮਤ ਦੇ ਕੰਮ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸ ਦਰਮਿਆਨ ਕੈਪਟਨ ਨੇ ਉਸ ਨੂੰ ਛੱਡਣ ਦੀ ਇੱਛਾ ਪ੍ਰਗਟਾਈ ਹੈ।