ਵਿਆਨਾ (ਏਪੀ) : ਈਰਾਨ ਨਾਲ ਪਰਮਾਣੂ ਸਮਝੌਤੇ ਨੂੰ ਮੁੜ ਸੁਰਜੀਤ ਕਰਨ ਦੇ ਮਸਲੇ ’ਤੇ ਗੱਲਬਾਤ ਲਈ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਵਾਰਤਾਕਾਰ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਪਹੁੰਚ ਚੁੱਕੇ ਹਨ। ਉਮੀਦ ਹੈ ਕਿ ਇਕ-ਦੋ ਦਿਨ ’ਚ ਗੱਲਬਾਤ ਸ਼ੁਰੂ ਹੋ ਜਾਵੇਗੀ। ਈਰਾਨ ਦੀ ਨਵੀਂ ਸਰਕਾਰ ਪਰਮਾਣੂ ਸਮਝੌਤੇ ਨੂੰ ਮੁੜ ਸੁਰਜੀਤ ਕਰਨ ਤੋਂ ਪਹਿਲਾਂ ਅਮਰੀਕੀ ਪਾਬੰਦੀਆਂ ਨੂੰ ਹਟਾਏ ਜਾਣ ਦੀ ਮੰਗ ’ਤੇ ਅੜੀ ਹੋਈ ਹੈ, ਜਦੋਂਕਿ ਅਮਰੀਕਾ ਪਹਿਲੇ ਸਮਝੌਤੇ ਨੂੰ ਲਾਗੂ ਕਰਨਾ ਚਾਹੁੰਦਾ ਹੈ। 2018 ’ਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਝੌਤੇ ਤੋਂ ਹਟ ਜਾਣ ਤੇ ਈਰਾਨ ’ਤੇ ਪਾਬੰਦੀ ਲਾਉਣ ਤੋਂ ਬਾਅਦ ਇਹ ਸਮਝੌਤਾ ਰੱਦ ਹੋ ਗਿਆ ਸੀ। 2015 ’ਚ ਹੋਏ ਸਮਝੌਤੇ ’ਚ ਅਮਰੀਕਾ ਤੋਂ ਇਲਾਵਾ ਚੀਨ, ਰੂਸ, ਬਰਤਾਨੀਆ, ਫਰਾਂਸ ਤੇ ਜਰਮਨੀ ਸ਼ਾਮਲ ਸਨ।

ਇਜ਼ਰਾਈਲ ਨੇ ਗੱਲਬਾਤ ’ਚ ਸ਼ਾਮਲ ਦੇਸ਼ਾਂ ਨੂੰ ਈਰਾਨ ਨੂੰ ਬਲੈਕਮੇਲਿੰਗ ਲਈ ਸਮਾਂ ਨਾ ਦੇਣ ਦੀ ਅਪੀਲ ਕੀਤੀ ਹੈ।

ਸਮਝੌਤੇ ਤੋਂ ਅਮਰੀਕਾ ਦੇ ਹਟਣ ਤੋਂ ਬਾਅਦ ਈਰਾਨ ਨੇ ਪਰਮਾਣੂ ਹਥਿਆਰ ਦੇ ਨਿਰਮਾਣ ਲਈ ਯੂਰੇਨੀਅਮ ਸੋਧਣ ਦੀ ਮਾਤਰਾ ਵਧਾਉਣ ਦਾ ਐਲਾਨ ਕੀਤਾ ਸੀ। ਉਸ ਨੇ ਹਾਲ ਦੇ ਮਹੀਨਿਆਂ ’ਚ ਯੂਰੇਨੀਅਮ ਸੋਧਣ ਦਾ ਪੱਧਰ ਵਧਾਇਆ ਵੀ ਹੈ, ਜਦੋਂਕਿ ਯੂਰੇਨੀਅਮ ਸੋਧਣ ਦੀ ਇਸ ਪ੍ਰਕਿਰਿਆ ਨੂੰ ਰੋਕਣ ਲਈ 2015 ’ਚ ਈਰਾਨ ਨਾਲ ਸਮਝੌਤਾ ਕੀਤਾ ਗਿਆ ਸੀ। ਬਦਲੇ ’ਚ ਈਰਾਨ ’ਤੇ ਲੱਗੀਆਂ ਪਾਬੰਦੀਆਂ ਹਟਾਈਆਂ ਗਈਆਂ ਸਨ ਤੇ ਸ਼ਾਂਤੀਪੂਰਨ ਕਾਰਜਾਂ ਲਈ ਯੂਰੇਨੀਅਮ ਦੀ ਵਰਤੋਂ ਕਰਨ ਲਈ ਈਰਾਨ ਨੂੰ ਉੱਨਤ ਤਕਨੀਕ ਦੇਣ ਦਾ ਵਾਅਦਾ ਕੀਤਾ ਗਿਆ ਸੀ। ਟਰੰਪ ਦੇ ਸੱਤਾ ਤੋਂ ਹਟਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪਰਮਾਣੂ ਸਮਝੌਤਾ ਮੁੜ ਸੁਰਜੀਤ ਕਰਨ ਦੀ ਪਹਿਲ ਕੀਤੀ। ਇਸ ਤੋਂ ਬਾਅਦ ਵਿਆਨਾ ’ਚ ਗੱਲਬਾਤ ਸ਼ੁਰੂ ਹੋਈ ਹੈ ਪਰ ਈਰਾਨ ਨੇ ਪਹਿਲਾਂ ਖ਼ੁਦ ’ਤੇ ਲੱਗੀਆਂ ਪਾਬੰਦੀਆਂ ਹਟਾਏ ਜਾਣ ਦੀ ਮੰਗ ਕਰ ਕੇ ਇਸ ’ਚ ਅੜਿੱਕਾ ਪੈਦਾ ਕਰ ਦਿੱਤਾ ਹੈ।

ਈਰਾਨ ਦੇ ਕੱਟੜ ਵਿਰੋਧੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਫਤਾਲੀ ਬੈਨੇਟ ਨੇ ਗੱਲਬਾਤ ’ਚ ਸ਼ਾਮਲ ਦੇਸ਼ਾਂ ਨੂੰ ਈਰਾਨ ਦੇ ਮਨਸੂਬਿਆਂ ਬਾਰੇ ਚੌਕਸ ਕੀਤਾ ਹੈ। ਕਿਹਾ ਕਿ ਗੱਲਬਾਤ ਨੂੰ ਲੰਬਾ ਖਿੱਚ ਕੇ ਈਰਾਨ ਪਰਮਾਣੂ ਹਥਿਆਰ ਬਣਾਉਣ ਲਈ ਜ਼ਰੂਰੀ ਸੋਧਿਆ ਹੋਇਆ ਯੂਰੇਨੀਅਮ ਵੱਧ ਤੋਂ ਵੱਧ ਮਾਤਰਾ ’ਚ ਇਕੱਠਾ ਕਰਨਾ ਚਾਹੁੰਦਾ ਹੈ। ਇਸ ਲਈ ਈਰਾਨ ਦੇ ਇਰਾਦੇ ’ਤੇ ਗੌਰ ਕੀਤਾ ਜਾਣਾ ਚਾਹੀਦਾ ਹੈ ਤੇ ਜਲਦ ਤੋਂ ਜਲਦ ਗੱਲਬਾਤ ਦੇ ਸਿੱਟੇ ’ਤੇ ਪਹੁੰਚਣਾ ਚਾਹੀਦਾ ਹੈ, ਜਦੋਂਕਿ ਦੱਖਣੀ ਕੋਰੀਆ ਨੇ ਗੱਲਬਾਤ ਨੂੰ ਸਫਲ ਬਣਾਉਣ ਲਈ ਦੋਵਾਂ ਧਿਰਾਂ ਨੂੰ ਲਚੀਲਾ ਰਵੱਈਆ ਅਪਣਾਉਣ ਦੀ ਅਪੀਲ ਕੀਤੀ ਹੈ।

Posted By: Susheel Khanna