ਵਾਸ਼ਿੰਗਟਨ (ਏਐੱਫਪੀ) : ਅਮਰੀਕਾ ਨੇ ਹਾਲੀਆ ਹੀ 'ਚ ਜਿਬ੍ਰਾਲਟਰ ਦੇ ਕਬਜ਼ੇ ਤੋਂ ਰਿਹਾਅ ਹੋਏ ਈਰਾਨ ਦੇ ਤੇਲ ਟੈਂਕਰ ਐਡਿ੍ਅਨ ਦਰਿਆ-1 ਨੂੰ ਬਲੈਕਲਿਸਟ ਕਰ ਦਿੱਤਾ ਹੈ। ਉਸ ਦਾ ਦਾਅਵਾ ਹੈ ਕਿ ਈਰਾਨ ਸੀਰੀਆ 'ਤੇ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਕਰ ਕੇ ਇਸ ਟੈਂਕਰ ਨਾਲ ਉੱਥੇ ਤੇਲ ਪਹੁੰਚਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਇਸ ਸਬੰਧ 'ਚ ਪੱਕੀ ਜਾਣਕਾਰੀ ਹੋਣ ਨੂੰ ਲੈ ਕੇ ਟਵੀਟ ਵੀ ਕੀਤਾ ਹੈ। 21 ਲੱਖ ਬੈਰਲ ਤੇਲ ਨਾਲ ਭਰੇ ਇਸ ਟੈਂਕਰ ਨੂੰ ਜੁਲਾਈ 'ਚ ਭੂਮੱਧ ਸਾਗਰ ਸਥਿਤ ਬਰਤਾਨਵੀ ਉਪਨਿਵੇਸ਼ 'ਤੇ ਹਿਰਾਸਤ 'ਚ ਲੈ ਲਿਆ ਸੀ। ਬਾਅਦ 'ਚ ਅਮਰੀਕਾ ਦੇ ਵਿਰੋਧ ਦੇ ਬਾਵਜੂਦ 15 ਅਗਸਤ ਨੂੰ ਜਿਬ੍ਰਾਲਟਰ ਦੀ ਅਦਾਲਤ ਦੇ ਆਦੇਸ਼ 'ਤੇ ਉਸ ਨੂੰ ਛੱਡਿਆ ਗਿਆ ਸੀ।

ਟੈਂਕਰ ਦੇ ਨਾਲ ਹੀ ਬੇੜੇ ਦੇ ਕੈਪਟਨ ਨੂੰ ਬਲੈਕਲਿਸਟ ਕਰਨ ਤੋਂ ਬਾਅਦ ਅਮਰੀਕਾ ਦੇ ਵਿੱਤ ਵਿਭਾਗ ਨੇ ਕਿਹਾ, 'ਅੱਤਵਾਦ ਵਿਰੋਧੀ ਆਦੇਸ਼ ਤਹਿਤ ਇਹ ਟੈਂਕਰ ਪਾਬੰਦੀ ਵਾਲੀ ਜਾਇਦਾਦ ਹੈ। ਇਸ ਦੀ ਮਦਦ ਕਰਨ ਵਾਲਿਆਂ 'ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।' ਜਿਬ੍ਰਾਲਟਰ ਦੇ ਕਬਜ਼ੇ ਤੋਂ ਛੁੱਟਣ ਮਗਰੋਂ ਐਡਿ੍ਅਨ ਦਰਿਆ-1 ਨੇ ਭੂਮੱਧ ਸਾਗਰ 'ਚ ਕਈ ਵਾਰ ਆਪਣੀ ਦਿਸ਼ਾ ਬਦਲੀ ਹੈ। ਇਸ ਦੇ ਆਖ਼ਰੀ ਪੜਾਅ ਨੂੰ ਲੈ ਕੇ ਲਗਾਤਾਰ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸਮੁੰਦਰੀ ਆਵਾਜਾਈ ਦੀ ਨਿਗਰਾਨੀ ਕਰਨ ਵਾਲੀ ਏਜੰਸੀ ਨੇ ਟੈਂਕਰ ਦੇ ਤੁਰਕੀ ਦੇ ਇਸਕੇਨਦੇਰੂਨ ਵੱਲ ਮੁੜਨ ਦੀ ਜਾਣਕਾਰੀ ਦਿੱਤੀ ਸੀ। ਉੱਥੋਂ ਦੇ ਵਿਦੇਸ਼ ਮੰਤਰੀ ਮੇਵਲਤ ਕਾਵੁਸੋਗਲੂ ਨੇ ਤੁਰੰਤ ਇਸ ਨੂੰ ਖ਼ਾਰਜ ਕਰ ਕੇ ਟੈਂਕਰ ਲਿਬਨਾਨ ਜਾਣ ਦੀ ਗੱਲ ਕੀਤੀ ਸੀ। ਲਿਬਨਾਨ ਸਰਕਾਰ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਰਿਫਾਈਨਰੀ ਨਾ ਹੋਣ ਕਾਰਨ ਉਹ ਕੱਚਾ ਤੇਲ ਖ਼ਰੀਦਦਾ ਹੀ ਨਹੀਂ। ਅਸਲ 'ਚ ਈਰਾਨ ਨੇ ਬੀਤੇ ਸੋਮਵਾਰ ਨੂੰ ਤੇਲ ਵੇਚ ਦਿੱਤੇ ਜਾਣ ਦੀ ਗੱਲ ਕੀਤੀ ਸੀ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਇਹ ਕਿਸ ਨੂੰ ਵੇਚਿਆ ਗਿਆ ਹੈ।

ਈਰਾਨ ਦੇ ਤੇਲ ਵਿਕਰੀ 'ਤੇ ਢਿੱਲ ਦੇ ਰਿਹੈ ਅਮਰੀਕਾ

ਈਰਾਨ ਦੇ ਉਪ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਦਾ ਕਹਿਣਾ ਹੈ ਕਿ ਅਮਰੀਕਾ ਈਰਾਨ ਦੇ ਤੇਲ ਵਿਕਰੀ 'ਤੇ ਢਿੱਲ ਦੇ ਰਿਹਾ ਹੈ। ਅਸਲ 'ਚ ਪਿਛਲੇ ਸਾਲ ਅਮਰੀਕਾ ਨੇ 2015 'ਚ ਹੋਏ ਪਰਮਾਣੂ ਸਮਝੌਤੇ ਤੋਂ ਖ਼ੁਦ ਤੋਂ ਵੱਖ ਕਰ ਕੇ ਈਰਾਨ 'ਤੇ ਦੁਬਾਰਾ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਕਾਰਨ ਦੋਵਾਂ ਦੇਸ਼ਾਂ 'ਚ ਟਕਰਾਅ ਜਾਰੀ ਹੈ। ਹਾਲੀਆ ਹੀ ਹੋਏ ਜੀ-7 ਸੰਮੇਲਨ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਰੰਪ ਨਾਲ ਮੁਲਾਕਾਤ ਕਰ ਕੇ ਇਸ ਮਸਲੇ ਦੇ ਹੱਲ 'ਤੇ ਗੱਲਬਾਤ ਕੀਤੀ ਸੀ। ਇਸ ਨੂੰ ਲੈ ਕੇ ਈਰਾਨ ਦੇ ਉਪ ਵਿਦੇਸ਼ ਮੰਤਰੀ ਅੱਬਾਸੀ ਅਰਾਕਚੀ ਨੇ ਕਿਹਾ, 'ਮੈਕਰੋਨ ਨੇ ਟਰੰਪ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਟਰੰਪ ਨੇ ਈਰਾਨ ਦੇ ਤੇਲ ਵਿਕਰੀ ਦੇ ਮਸਲੇ 'ਤੇ ਥੋੜ੍ਹੀ ਢਿੱਲ ਦੇਣ ਦੇ ਸੰਕੇਤ ਦਿੱਤੇ। ਇਹ ਅਮਰੀਕਾ ਦੇ ਦਬਾਅ ਦੀ ਨੀਤੀ ਦੀ ਹਾਰ ਤੇ ਈਰਾਨ ਦੀ ਵਿਰੋਧ ਦੀ ਨੀਤੀ ਦੀ ਜਿੱਤ ਹੈ।'