ਵਾਸ਼ਿੰਗਟਨ (ਏਜੰਸੀਆਂ) : ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਭਾਰਤੀ ਅਮਰੀਕੀ ਫਿਰਕੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਕਿਹਾ ਹੈ ਕਿ ਕੋਰੋਨਾ ਖ਼ਿਲਾਫ਼ ਲਡ਼ਾਈ ’ਚ ਭਾਰਤੀ-ਅਮਰੀਕੀ ਭਾਰਤ ਲਈ ਪਿੱਲਰ ਦੀ ਤਰ੍ਹਾਂ ਹਨ। ਭਾਰਤੀ ਰਾਜਦੂਤ ਨੇ ਅਮਰੀਕਾ ਦੇ ਭਾਰਤੀ ਫਿਰਕੇ ਦੇ ਮੁੱਖ ਆਗੂਆਂ ਨਾਲ ਆਨਲਾਈਨ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਦੀ ਹਮਾਇਤ ਦੀ ਸ਼ਲਾਘਾ ਕੀਤੀ।

ਸੰਧੂ ਨੇ ਟਵੀਟ ਕੀਤਾ, ਦੁਪਹਿਰ ਤੋਂ ਬਾਅਦ ਅਮਰੀਕਾ ’ਚ ਫੈਲੇ ਭਾਰਤੀ-ਅਮਰੀਕੀ ਫਿਰਕੇ ਦੇ ਆਗੂਆਂ ਨਾਲ ਗੱਲਬਾਤ ਕੀਤੀ। ਮਹਾਮਾਰੀ ਖ਼ਿਲਾਫ਼ ਸਾਡੀ ਲੜਾਈ ’ਚ ਪਰਵਾਸੀ ਭਾਰਤੀ ਫਿਰਕਾ ਮਜ਼ਬੂਤ ਪਿੱਲਰ ਦੀ ਤਰ੍ਹਾਂ ਹੈ। ਮੈਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸੰਧੂ ਨੇ ਕਿਹਾ, ਜਿਸ ਤਰ੍ਹਾਂ ਨਾਲ ਸਾਨੂੰ ਮਦਦ ਮਿਲ ਰਹੀ ਹੈ, ਉਸ ਤੋਂ ਪਤਾ ਲੱਗਾ ਹੈ ਕਿ ਦੋਵੇਂ ਦੇਸ਼ਾਂ ਦੇ ਸਬੰਧ ਕਿੰਨੇ ਮਜ਼ਬੂਤ ਹਨ।

ਇਸ ਵਿਚਾਲੇ, ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ ਕਿ ਅਮਰੀਕਾ ਦਾ ਫ਼ੌਜੀ ਬਲ ਅਗਲੇ ਹਫ਼ਤੇ 159 ਆਕਸੀਜਨ ਕੰਸੈਂਟ੍ਰੇਟਰ ਭਾਰਤ ਭੇਜਣ ਦੀ ਤਿਆਰੀ ਕਰ ਰਿਹਾ ਹੈ। ਇਹ ਕੰਸੈਂਟ੍ਰੇਟਰ ਕਾਰੋਬਾਰੀ ਉਡਾਣ ਨਾਲ ਭਾਰਤ ਭੇਜੇ ਜਾਣਗੇ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 17 ਮਈ ਨੂੰ ਕੰਸੈਂਟ੍ਰੇਟਰ ਭਾਰਤ ਭੇਜ ਦਿੱਤੇ ਜਾਣਗੇ। ਅਸੀਂ ਭਾਰਤ ਸਰਕਾਰ ’ਚ ਆਪਣੇ ਸਹਿਯੋਗੀਆਂ ਨਾਲ ਸੰਪਰਕ ’ਚ ਬਣੇ ਹੋਏ ਹਾਂ।

Posted By: Sunil Thapa