ਨਿਊਯਾਰਕ (ਏਜੰਸੀ) : ਅਮਰੀਕਾ 'ਚ ਮਨੁੱਖੀ ਤਸਕਰੀ 'ਚ ਸ਼ਾਮਲ ਪੰਜਾਬੀ ਕੈਬ ਡਰਾਈਵਰ ਜਸਵਿੰਦਰ ਸਿੰਘ ਨੂੰ ਇਕ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਫਿਲਾਡੇਲਫੀਆ 'ਚ ਰਹਿਣ ਵਾਲੇ 30 ਸਾਲ ਦੇ ਜਸਵਿੰਦਰ ਨੇ ਨਾਜਾਇਜ਼ ਤੌਰ 'ਤੇ ਲੋਕਾਂ ਨੂੰ ਅਮਰੀਕਾ 'ਚ ਪਹੁੰਚਣ 'ਚ ਮਦਦ ਕੀਤੀ। ਨਿਊਯਾਰਕ ਦੀ ਇਕ ਫੈਡਰਲ ਕੋਰਟ ਨੇ ਵੀਰਵਾਰ ਨੂੰ ਉਸਨੂੰ ਸਜ਼ਾ ਸੁਣਾਈ।

ਉਬਰ ਕੈਬ ਚਲਾਉਣ ਵਾਲੇ ਜਸਵਿੰਦਰ ਨੂੰ ਪਿਛਲੇ ਸਾਲ ਕੈਨੇਡਾ ਰਸਤੇ ਅਮਰੀਕਾ 'ਚ ਦਾਖ਼ਲ ਹੋਏ ਦੋ ਘੁਸਪੈਠੀਆਂ ਨੂੰ ਉਨ੍ਹਾਂ ਦੇ ਟਿਕਾਣੇ ਤਕ ਪਹੁੰਚਾਉਣ ਦੌਰਾਨ ਨਿਊਯਾਰਕ 'ਚ ਗਿ੍ਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ 'ਚ ਜਸਵਿੰਦਰ ਨੇ ਸਵੀਕਾਰ ਕੀਤਾ ਸੀ ਕਿ ਉਸਨੇ ਕਈ ਲੋਕਾਂ ਨੂੰ ਅਮਰੀਕਾ 'ਚ ਨਾਜਾਇਜ਼ ਤਰੀਕੇ ਨਾਲ ਦਾਖ਼ਲੇ 'ਚ ਮਦਦ ਕੀਤੀ। ਇਸ ਬਦਲੇ ਉਸਨੂੰ ਮੋਟੀ ਰਕਮ ਮਿਲਦੀ ਸੀ। ਸਰਕਾਰੀ ਵਕੀਲ ਗਰਾਂਟ ਜਕਿਥ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਦੇ ਬਾਅਦ ਜਸਵਿੰਦਰ ਨੂੰ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ। ਇਸ ਤਰ੍ਹਾਂ ਨਹੀਂ ਹੋਣ 'ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਸਨੂੰ ਅਗਲੇ ਦੋ ਸਾਲ ਪੁਲਿਸ ਦੀ ਨਿਗਰਾਨੀ 'ਚ ਬਿਤਾਉਣੇ ਪੈਣਗੇ।