ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇੱਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਜਿੱਥੇ ਹਨ ਉੱਥੇ ਰਹਿਣ। ਉਨ੍ਹਾਂ ਨੇ ਸਾਰਿਆਂ ਨੂੰ ਮਦਦ ਦਾ ਵੀ ਭਰੋਸਾ ਦਿੱਤਾ ਹੈ। ਕੋਰੋਨਾ ਮਹਾਮਾਰੀ ਕਾਰਨ ਯੂਨੀਵਰਸਿਟੀਆਂ ਦੇ ਅਚਾਨਕ ਬੰਦ ਹੋਣ ਅਤੇ ਭਾਰਤ ਨਾ ਪਰਤ ਸਕਣ ਕਾਰਨ ਵੱਡੀ ਗਿਣਤੀ ਵਿਚ ਵਿਦਿਆਰਥੀ ਇੱਥੇ ਫੱਸ ਗਏ ਹਨ।

ਸੰਧੂ ਸ਼ਨਿਚਰਵਾਰ ਨੂੰ ਇੱਥੇ ਭਾਰਤੀ ਦੂਤਘਰ ਵੱਲੋਂ ਕਰਵਾਏ ਇੰਸਟਾਗ੍ਰਾਮ ਲਾਈਵ ਸੈਸ਼ਨ ਵਿਚ 500 ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਦੇ ਰੂਬਰੂ ਹੋਏ। ਇਹ ਸੈਸ਼ਨ ਇੰਡੀਆ ਸਟੂਡੈਂਟ ਹੱਬ ਟੀਮ ਨਾਲ ਮਿਲ ਕੇ ਕਰਵਾਇਆ ਗਿਆ ਸੀ। ਸੰਧੂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਸਮੇਂ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਜਿੱਥੇ ਹੋ ਉੱਥੇ ਰਹੋ। ਅਸੀਂ ਤੁਹਾਡੀ ਹਰ ਸੰਭਵ ਮਦਦ ਕਰਾਂਗੇ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਭਰੋਸਾ ਵੀ ਦਿੱਤਾ ਕਿ ਭਾਰਤੀ ਦੂਤਘਰ ਉਨ੍ਹਾਂ ਦੇ ਵੀਜ਼ਾ ਮੁੱਦੇ 'ਤੇ ਅਮਰੀਕੀ ਸਰਕਾਰ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ। ਸਥਿਤੀ ਵਿਚ ਸੁਧਾਰ ਹੋਣ 'ਤੇ ਉਹ ਭਾਰਤ ਪਰਤਣ ਦੀ ਯੋਜਨਾ ਬਣਾ ਸਕਦੇ ਹਨ।

ਵਿਦਿਆਰਥੀਆਂ ਨਾਲ ਗੱਲਬਾਤ ਪਿੱਛੋਂ ਸੰਧੂ ਨੇ ਟਵੀਟ ਕੀਤਾ, 'ਸ਼ਨਿਚਰਵਾਰ ਦੁਪਹਿਰ ਇੰਸਟਾਗ੍ਰਾਮ ਲਾਈਵ 'ਤੇ ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਨਾਲ ਅਹਿਮ ਗੱਲਬਾਤ ਕੀਤੀ। ਨੌਜਵਾਨ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਸਾਨੂੰ ਉਨ੍ਹਾਂ ਤੋਂ ਹਮੇਸ਼ਾ ਨਵੇਂ ਵਿਚਾਰ ਮਿਲਦੇ ਰਹਿੰਦੇ ਹਨ।' ਇਕ ਅਨੁਮਾਨ ਮੁਤਾਬਿਕ ਕਰੀਬ ਦੋ ਲੱਖ 50 ਹਜ਼ਾਰ ਭਾਰਤੀ ਵਿਦਿਆਰਥੀ ਅਮਰੀਕਾ ਵਿਚ ਹਨ। ਵਿਦਿਆਰਥੀਆਂ ਦੀ ਦਿੱਕਤ ਇਸ ਲਈ ਵੀ ਵੱਧ ਗਈ ਹੈ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹੋਸਟਲ ਖ਼ਾਲੀ ਕਰ ਕੇ ਸਟੇ-ਆਨ-ਹੋਮ ਆਦੇਸ਼ ਦਾ ਪਾਲਣ ਕਰਨ ਲਈ ਕਿਹਾ ਹੈ।