ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਲਾਸ ਏਂਜਲਸ 'ਚ ਨਕਾਬਪੋਸ਼ ਹਮਲਾਵਰ ਨੇ ਸ਼ਨਿਚਰਵਾਰ ਸਵੇਰੇ ਇਕ ਗ੍ਰਾਸਰੀ ਸਟੋਰ ਵਿਚ ਕੰਮ ਕਰਨ ਵਾਲੇ ਭਾਰਤੀ ਮਨਿੰਦਰ ਸਿੰਘ ਸਾਹੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲਾ 31 ਸਾਲਾ ਮਨਿੰਦਰ ਸਿੰਘ ਸ਼ਾਦੀਸ਼ੁਦਾ ਸੀ ਉਸ ਦੇ ਦੋ ਬੱਚੇ ਹਨ। ਉਹ ਛੇ ਮਹੀਨੇ ਪਹਿਲੇ ਹੀ ਅਮਰੀਕਾ ਆਇਆ ਸੀ ਅਤੇ ਇੱਥੇ ਸਿਆਸੀ ਸ਼ਰਨ ਮੰਗੀ ਸੀ। ਅਮਰੀਕਾ ਵਿਚ ਰਹਿ ਰਹੇ ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਨਿੰਦਰ ਸਿੰਘ ਆਪਣੇ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਮੈਂਬਰ ਸਨ ਅਤੇ ਪਤਨੀ ਅਤੇ ਬੱਚਿਆਂ ਲਈ ਘਰ ਪੈਸਾ ਭੇਜਿਆ ਕਰਦੇ ਸਨ।

ਮਨਿੰਦਰ ਸਿੰਘ ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਵਿਚ 7-ਇਲੈਵਨ ਗ੍ਰਾਸਰੀ ਸਟੋਰ ਵਿਚ ਕੰਮ ਕਰਦਾ ਸੀ। ਪੁਲਿਸ ਪਹਿਲੀ ਨਜ਼ਰ ਵਿਚ ਸ਼ਨਿਚਰਵਾਰ ਸਵੇਰੇ 5.43 ਵਜੇ ਹੋਈ ਇਸ ਘਟਨਾ ਨੂੰ ਲੁੱਟ ਨਾਲ ਜੋੜ ਕੇ ਦੇਖ ਰਹੀ ਹੈ। ਪੁਲਿਸ ਮੁਤਾਬਿਕ ਲੁੱਟ ਦੇ ਇਰਾਦੇ ਨਾਲ ਸੈਮੀ ਆਟੋਮੈਟਿਕ ਬੰਦੂਕ ਲੈ ਕੇ ਸਟੋਰ ਵਿਚ ਦਾਖ਼ਲ ਹੋਏ ਹਮਲਾਵਰ ਨੇ ਮਨਿੰਦਰ ਸਿੰਘ ਨੂੰ ਗੋਲ਼ੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੇ ਸਮੇਂ ਸਟੋਰ ਵਿਚ ਦੋ ਗਾਹਕ ਹੀ ਸਨ ਜੋ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੀਗਰੋ ਅਤੇ ਬਾਲਗ ਹੈ ਤੇ ਉਸ ਨੇ ਆਪਣਾ ਚਿਹਰਾ ਅੰਸ਼ਿਕ ਰੂਪ ਤੋਂ ਢੱਕ ਕੇ ਰੱਖਿਆ ਸੀ।

ਮਨਿੰਦਰ ਸਿੰਘ ਦੇ ਭਰਾ ਨੇ ਲਾਸ਼ ਭਾਰਤ ਭੇਜਣ ਲਈ ਚੰਦਾ ਇਕੱਠਾ ਕਰਨ ਦੇ ਮਕਸਦ ਨਾਲ ਗੋਫੰਡ ਪੇਜ ਬਣਾਇਆ ਹੈ। ਹੁਣ ਤਕ 18 ਹਜ਼ਾਰ ਡਾਲਰ (ਕਰੀਬ 13 ਲੱਖ ਰੁਪਏ) ਇਕੱਠੇ ਕੀਤੇ ਜਾ ਚੁੱਕੇ ਹਨ। ਉਸ ਦੇ ਭਰਾ ਨੇ ਐਤਵਾਰ ਨੂੰ ਗੋਫੰਡ ਪੇਜ 'ਤੇ ਲਿਖਿਆ ਕਿ ਮਨਿੰਦਰ ਸਿੰਘ ਦੇ ਬੱਚਿਆਂ ਦੀ ਉਮਰ ਪੰਜ ਅਤੇ ਨੌਂ ਸਾਲ ਹੈ। ਮੈਂ ਉਸ ਦੀ ਲਾਸ਼ ਨੂੰ ਭਾਰਤ ਭੇਜਣ ਲਈ ਮਦਦ ਚਾਹੁੰਦਾ ਹਾਂ ਤਾਂਕਿ ਆਖਰੀ ਵਾਰ ਪਤਨੀ ਅਤੇ ਬੱਚੇ ਉਸ ਦਾ ਮੂੰਹ ਦੇਖ ਸਕਣ।