ਨਿਊਯਾਰਕ : ਅਮਰੀਕਾ 'ਚ ਇਕ ਭਾਰਤੀ ਮੂਲ ਦੀ ਔਰਤ ਨੂੰ ਉਸ ਦੀ ਨੌਂ ਸਾਲ ਦੀ ਮਤਰੇਈ ਧੀ ਦੀ ਹੱਤਿਆ ਦੇ ਜੁਰਮ 'ਚ 22 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਂਚ ਵਿਚ ਪਾਇਆ ਗਿਆ ਸੀ ਕਿ 55 ਸਾਲਾ ਸ਼ਾਮਦਈ ਅਰਜੁਨ (Shamdai Arjun) ਨੇ ਆਪਣੀ ਮਤਰੇਈ ਧੀ ਅਸ਼ਦੀਪ ਕੌਰ (Ashdeep Kaur) ਦੀ ਅਗਸਤ 2016 'ਚ ਇਕ ਬਾਥਟੱਬ 'ਚ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਅਦਾਲਤ ਨੇ ਇਸ ਅਪਰਾਧ ਨੂੰ ਕਲਪਨਾ ਤੋਂ ਪਰ੍ਹੇ ਦੱਸਿਆ ਸੀ।

ਨਿਊਯਾਰਕ ਦੇ ਕੁਈਨਜ਼ ਦੀ ਸ਼ਾਮਦਈ ਅਰਜੁਨ ਨੂੰ ਸੈਕੰਡ ਡਿਗਰੀ ਮਰਡਰ ਦੇ ਜੁਰਮ 'ਚ ਸਜ਼ਾ ਸੁਣਾਈ ਗਈ। ਸ਼ਾਮਦਈ ਅਰਜੁਨ ਨੂੰ ਪਿਛਲੇ ਮਹੀਨੇ ਦੋਸ਼ੀ ਠਹਿਰਾਇਆ ਗਿਆ ਸੀ। ਸ਼ਾਮਦਈ ਨੂੰ ਸੁਪਰੀਮ ਕੋਰਟ ਦੇ ਜੱਜ ਕੇਨੇਥ ਹੋਲਡਰ ਸਾਹਮਣੇ ਇਕ ਘੰਟੇ ਤੋਂ ਘਟ ਸਮੇਂ ਤਕ ਚੱਲੀ ਬਹਿਸ ਤੋਂ ਬਾਅਦ ਸੋਮਵਾਰ ਨੂੰ ਸਜ਼ਾ ਸੁਣਾਈ ਗਈ। ਕੁਈਨਜ਼ ਡਿਸਟ੍ਰਿਕ ਅਟਾਰਨੀ ਜੌਨ ਰਾਇਨ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਦੋਸ਼ੀ ਸ਼ਾਮਦਈ ਨੇ ਸੰਗੀਨ ਅਪਰਾਧ ਕੀਤਾ। ਦੋਸ਼ੀ ਨੇ ਆਪਣੀ ਮਤਰੇਈ ਮਾਸੂਮ ਬੱਚੀ ਦੀ ਗਲ਼ਾ ਘੁੱਟ ਕੇ ਉਸ ਦੀ ਜਾਨ ਲੈ ਲਈ।

ਜੌਨ ਰਾਇਨ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਮਾਰੀ ਗਈ ਨੌਂ ਸਾਲ ਦੀ ਬੱਚੀ ਨਿਰਦੋਸ਼ ਸੀ। ਬੇਵੱਸ ਬੱਚੀ ਨਾਲ ਜੋ ਘਟਨਾ ਹੋਈ ਹੈ ਉਹ ਦਿਲ ਕੰਬਾਊ ਹੈ। ਮਤਰੇਈ ਮਾਂ ਨੂੰ ਉਸ ਦੀ ਦੇਖਭਾਲ ਕਰਨੀ ਚਾਹੀਦੀ ਸੀ ਪਰ ਉਸ ਨੂੰ ਗਲ਼ਾ ਘੁੱਟ ਕੇ ਮਾਰ ਦਿੱਤਾ। ਦੋਸ਼ੀ ਔਰਤ ਵਧ ਤੋਂ ਵਧ ਸਜ਼ਾ ਦੀ ਹੱਕਦਾਰ ਹੈ। ਅਦਾਲਤ ਦੋਸ਼ੀ ਔਰਤ ਨੂੰ ਅਜਿਹੀ ਸਜ਼ਾ ਦੇ ਰਹੀ ਹੈ ਜਿਸ ਨਾਲ ਉਸ ਨੂੰ ਦੁਬਾਰਾ ਆਜ਼ਾਦੀ ਨਸੀਬ ਨਾ ਹੋ ਸਕੇ।

Posted By: Seema Anand