ਨਿਊਯਾਰਕ (ਪੀਟੀਆਈ) : ਨਿਊਯਾਰਕ (ਪੀਟੀਆਈ) : ਅਮਰੀਕਾ 'ਚ ਕੋਰੋਨਾ ਮਹਾਮਾਰੀ ਨਾਲ ਜੰਗ ਵਿਚ ਭਾਰਤੀ ਮੂਲ ਦੇ ਇਕ ਹੋਰ ਡਾਕਟਰ ਦੀ ਮੌਤ ਹੋ ਗਈ। ਕਾਨਪੁਰ ਤੋਂ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਡਾਕਟਰ ਸੁਧੀਰ ਐੱਸ ਚੌਹਾਨ ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਹ ਵੀ ਮਰੀਜ਼ਾਂ ਦਾ ਇਲਾਜ ਕਰਨ ਦੌਰਾਨ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਗਏ ਸਨ। ਇਸ ਮਹੀਨੇ ਦੇ ਸ਼ੁਰੂ ਵਿਚ ਭਾਰਤਵੰਸ਼ੀ ਡਾਕਟਰ ਪਿਉ-ਧੀ ਦੀ ਵੀ ਕੋਰੋਨਾ ਨਾਲ ਜਾਨ ਚਲੀ ਗਈ ਸੀ।

ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰਾਂ ਦੇ ਸੰਗਠਨ ਏਏਪੀਆਈ ਦੇ ਮੀਡੀਆ ਕਨਵੀਨਰ ਅਜੈ ਘੋਸ਼ ਨੇ ਬੁੱਧਵਾਰ ਨੂੰ ਦੱਸਿਆ ਕਿ ਡਾ. ਚੌਹਾਨ ਨਿਊਯਾਰਕ ਦੇ ਜਮੈਕਾ ਹਸਪਤਾਲ ਵਿਚ ਇੰਟਰਨਲ ਮੈਡੀਸਨ ਸਨ। ਉਨ੍ਹਾਂ ਨੇ 1972 'ਚ ਐੱਮਬੀਬੀਐੱਸ ਦੀ ਪੜ੍ਹਾਈ ਕਾਨਪੁਰ ਯੂਨੀਵਰਸਿਟੀ ਦੇ ਗਣੇਸ਼ ਸ਼ੰਕਰ ਵਿਦਿਆਰਥੀ ਮੈਮੋਰੀਅਲ (ਜੀਐੱਸਵੀਐੱਮ) ਮੈਡੀਕਲ ਕਾਲਜ ਤੋਂ ਪੂਰੀ ਕੀਤੀ ਸੀ। ਚੌਹਾਨ ਨੇ ਅੱਗੇ ਦੀ ਪੜ੍ਹਾਈ ਅਮਰੀਕਾ ਵਿਚ ਕੀਤੀ ਸੀ। ਉਨ੍ਹਾਂ ਦੀ ਮੁਹਾਰਤ ਇੰਟਰਨਲ ਮੈਡੀਸਨ 'ਚ ਸੀ।

ਇਸ ਮਹੀਨੇ ਅਮਰੀਕਾ ਦੇ ਸ਼ੁਰੂ 'ਚ ਭਾਰਤੀ ਮੂਲ ਦੇ ਡਾਕਟਰ ਸਤੇਂਦਰ ਦੇਵ ਖੰਨਾ (78) ਅਤੇ ਉਨ੍ਹਾਂ ਦੀ ਧੀ ਪਿ੍ਰਆ ਖੰਨਾ (43) ਦੀ ਵੀ ਮੌਤ ਕੋਰੋਨਾ ਵਾਇਰਸ ਨਾਲ ਹੋ ਗਈ ਸੀ। 78 ਸਾਲਾਂ ਦੇ ਖੰਨਾ ਨਿਊਜਰਸੀ ਦੇ ਕਈ ਹਸਪਤਾਲਾਂ ਵਿਚ ਸਰਜੀਕਲ ਵਿਭਾਗ ਦੇ ਮੁਖੀ ਸਨ। ਜਦਕਿ ਉਨ੍ਹਾਂ ਦੀ 43 ਸਾਲਾਂ ਦੀ ਧੀ ਪਿ੍ਰਆ ਯੂਨੀਅਨ ਹਸਪਤਾਲ 'ਚ ਚੀਫ ਆਫ ਰੈਜ਼ੀਡੈਂਟਸ ਸੀ। ਏਏਪੀਆਈ ਦੀ ਪ੍ਰਧਾਨ ਸੀਮਾ ਅਰੋੜਾ ਨੇ ਦੱਸਿਆ ਕਿ ਅਮਰੀਕਾ 'ਚ ਕੋਰੋਨਾ ਪੀੜਤਾਂ ਦੇ ਇਲਾਜ 'ਚ ਲੱਗੇ ਹਰ ਸੱਤ ਡਾਕਟਰਾਂ ਵਿੱਚੋਂ ਇਕ ਭਾਰਤੀ ਮੂਲ ਦਾ ਹੈ।

Posted By: Rajnish Kaur