ਨਿਊਯਾਰਕ (ਪੀਟੀਆਈ) : ਅਮਰੀਕਾ ਦੇ ਨਿਊਯਾਰਕ ’ਚ ਆਪਣੇ ਘਰ ਦੇ ਬਾਹਰ ਪਾਰਕਿੰਗ ’ਚ ਖਡ਼੍ਹੇ ਵਾਹਨ ’ਤੇ ਬੈਠੇ ਇਕ ਭਾਰਤਵੰਸ਼ੀ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਮੈਰੀਲੈਂਡ ’ਚ ਇਕ ਹੋਰ ਭਾਰਤਵੰਸ਼ੀ ਦੀ ਇਸੇ ਤਰ੍ਹਾਂ ਹੱਤਿਆ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਹੋਈ ਹੈ।

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ, ਸਤਨਾਮ ਸਿੰਘ (34) ਸ਼ਨਿਚਰਵਾਰ ਨੂੰ ਦੁਪਹਿਰ ਬਾਅਦ 3.46 ਵਜੇ ਕਵੀਂਸ ਦੇ ਸਾਊਥ ਓਜ਼ੋਨ ਪਾਰਕ ’ਚ ਖਡ਼੍ਹੇ ਵਾਹਨ ’ਚ ਜ਼ਖ਼ਮੀ ਹਾਲਤ ’ਚ ਮਿਲਿਆ। ਉਸ ਦੀ ਗਰਦਨ ਤੇ ਸਿਰ ’ਚ ਗੋਲ਼ੀਆਂ ਲੱਗੀਆਂ ਸਨ। ਸਤਨਾਮ ਨੇ ਕਾਲੀ ਰੈਂਗਲਰ ਸਹਾਰਾ ਜੀਪ ਇਕ ਦੋਸਤ ਤੋਂ ਉਧਾਰ ਲਈ ਸੀ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਜਮਾਇਕਾ ਹਸਪਤਾਲ ਤੋਂ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਕਿਹਾ ਕਿ ਸਤਨਾਮ ਸਿੰਘ ਕੋਲ ਹਮਲਾਵਰ ਪੈਦਲ ਹੀ ਪੁੱਜਾ ਸੀ, ਪਰ ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਸਿਲਵਰ ਰੰਗ ਦੀ ਇਕ ਕਾਰ ’ਚ ਸਵਾਰ ਸੀ। ਸਤਨਾਮ ਦੀ ਜੀਪ ਦੇ ਨਜ਼ਦੀਕ ਤੋਂ ਲੰਘਦੇ ਸਮੇਂ ਹਮਲਾਵਰ ਨੇ ਉਸ ’ਤੇ ਗੋਲ਼ੀਆਂ ਚਲਾਈਆਂ। ਗੁਆਂਢੀ ਜੋਆਨ ਕੈਪੇਲਾਨੀ ਮੁਤਾਬਕ, ‘ਸਤਨਾਮ 129ਵੀਂ ਸਟਰੀਟ ਤੋਂ ਪਾਰਕਿੰਗ ’ਚ ਖਡ਼੍ਹੀ ਜੀਪ ਤਕ ਪੁੱਜਾ ਤੇ ਉਸ ’ਚ ਬੈਠ ਗਿਆ। ਤਦੇ ਹਮਲਾਵਰ ਉੱਥੋਂ ਲੰਘਿਆ। ਉਸ ਨੇ ਯੂ-ਟਰਨ ਲਿਆ, ਵਾਪਸ ਆਇਆ, ਗੋਲ਼ੀਆਂ ਵਰ੍ਹਾਈਆਂ ਤੇ ਮੁਡ਼ 129 ਸਟਰੀਟ ਵੱਲ ਫ਼ਰਾਰ ਹੋ ਗਿਆ।’ ਇਹ ਵਾਰਦਾਤ ਕੈਪੇਲਾਨੀ ਦੇ ਘਰ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਰਿਕਾਰਡ ਹੋ ਗਈ ਸੀ, ਜਿਸ ਦੀ ਨਿਊਯਾਰਕ ਪੁਲਿਸ ਜਾਂਚ ਕਰ ਰਹੀ ਹੈ। ਜਾਸੂਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਮਲਾਵਰ ਦਾ ਨਿਸ਼ਾਨਾ ਸਤਨਾਮ ਸੀ ਜਾਂ ਐੱਸਯੂਵੀ ਦਾ ਮਾਲਕ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤੇਲੰਗਾਨਾ ਵਾਸੀ ਸਾਈਂ ਚਰਨ (25) ਮੈਰੀਲੈਂਡ ਦੇ ਬਾਲਟੀਮੋਰ ’ਚ ਆਪਣੀ ਐੱਸਯੂਵੀ ਦੇ ਅੰਦਰ ਗੋਲ਼ੀ ਲੱਗਣ ਨਾਲ ਜ਼ਖ਼ਮੀ ਪਾਇਆ ਗਿਆ ਸੀ। ਉਨ੍ਹਾਂ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ ਸੀ, ਜਿੱਥੇ 19 ਜੂਨ ਨੂੰ ਉਸ ਦੀ ਮੌਤ ਹੋ ਗਈ।

---------------------------

Posted By: Tejinder Thind