ਵਾਸ਼ਿੰਗਟਨ (ਪੀਟੀਆਈ) : ਭਾਰਤ ਵਿਚ ਸਮੇਂ 'ਤੇ ਲਾਕਡਾਊਨ ਕਰਨ ਦੇ ਫ਼ੈਸਲੇ ਦੀ ਭਾਰਤੀ ਮੂਲ ਦੇ ਅਮਰੀਕੀ ਕਾਰਡੀਓਲਿਜਟ ਡਾਕਟਰ ਇੰਦਰਨੀਲ ਬਸੂ ਰੇ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਅਜਿਹਾ ਕਰਨ ਨਾਲ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਵੀ ਕਾਫ਼ੀ ਘੱਟ ਕਰਨ ਵਿਚ ਮਦਦ ਮਿਲੀ ਹੈ। ਭਾਰਤ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਜਿੱਥੇ ਇਕ ਲੱਖ 90 ਹਜ਼ਾਰ ਤੋਂ ਜ਼ਿਆਦਾ ਹੈ ਉੱਥੇ ਮਰਨ ਵਾਲਿਆਂ ਦੀ ਗਿਣਤੀ ਲਗਪਗ ਸਾਢੇ ਪੰਜ ਹਜ਼ਾਰ ਹੈ। ਪ੍ਰਭਾਵਿਤ ਮਰੀਜ਼ਾਂ ਦੇ ਮਾਮਲੇ ਵਿਚ ਅਮਰੀਕਾ, ਬ੍ਰਾਜ਼ੀਲ, ਰੂਸ, ਬਿ੍ਟੇਨ, ਸਪੇਨ ਅਤੇ ਇਟਲੀ ਪਿੱਛੋਂ ਭਾਰਤ ਸੱਤਵੇਂ ਨੰਬਰ 'ਤੇ ਪੁੱਜ ਗਿਆ ਹੈ।


ਟੈਨੇਸੀ ਸਥਿਤ ਡਾਕਟਰ ਬਸੂ ਨੇ ਕਿਹਾ ਕਿ ਕੋਲੰਬੀਆ ਯੂਨੀਵਰਸਿਟੀ ਦੇ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਸਮੇਂ ਸਿਰ ਲਾਕਡਾਊਨ ਲਾਗੂ ਕਰਨ ਨਾਲ ਭਾਰਤ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਾਫ਼ੀ ਘੱਟ ਰਹੀ ਹੈ। ਇਸ ਅਧਿਐਨ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਜੇਕਰ ਨਿਊਯਾਰਕ ਵਿਚ ਤਿੰਨ ਮਾਰਚ ਤੋਂ ਪਹਿਲੇ ਲਾਕਡਾਊਨ ਕਰ ਦਿੱਤਾ ਜਾਂਦਾ ਤਾਂ ਲਗਪਗ 50 ਹਜ਼ਾਰ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਉਨ੍ਹਾਂ ਇਲਾਕਿਆਂ ਨੂੰ ਸਭ ਤੋਂ ਪਹਿਲੇ ਖੋਲਿ੍ਆ ਜਾਣਾ ਚਾਹੀਦਾ ਹੈ ਜੋ ਹਾਟਸਪਾਟ ਨਹੀਂ ਹਨ। ਹਾਟਸਪਾਟ ਵਿਚ ਲਾਕਡਾਊਨ ਬਰਕਰਾਰ ਰੱਖਣ ਦੇ ਨਾਲ ਹੀ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਆਈਸੋਲੇਸ਼ਨ ਦੇ ਨਾਲ ਟੈਸਟਿੰਗ ਵਿਚ ਹੋਰ ਤੇਜ਼ੀ ਲਿਆਈ ਜਾਵੇ। ਡਾਕਟਰ ਬਸੂ ਅਨੁਸਾਰ ਵਿਗਿਆਨਕ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਪ੍ਰੰਤੂ ਵਿੱਤੀ ਆਫ਼ਤ ਘੱਟ ਕਰਨ ਲਈ ਅਰਥਚਾਰੇ ਨੂੰ ਖੋਲ੍ਹਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਾਰੇ ਵਿਚ ਸਾਡੀ ਜਾਣਕਾਰੀ ਕਾਫ਼ੀ ਹੱਦ ਤਕ ਬਦਲ ਗਈ ਹੈ। ਕੋਰੋਨਾ ਇਕ ਨਵੀਂ ਬਿਮਾਰੀ ਸੀ ਅਤੇ ਸ਼ੁਰੂਆਤ ਵਿਚ ਅਸੀਂ ਇਸ ਦੇ ਬਾਰੇ ਵਿਚ ਬਹੁਤ ਨਹੀਂ ਜਾਣਦੇ ਸੀ। ਸਰੀਰਕ ਦੂਰੀ ਬਣਾਈ ਰੱਖਣ, ਲਗਾਤਾਰ ਹੱਥ ਧੋਂਦੇ ਰਹਿਣ, ਭੀੜਭਾੜ ਵਾਲੀਆਂ ਥਾਵਾਂ 'ਤੇ ਮਾਸਕ ਪਾਉਣ ਨਾਲ ਅਸੀਂ ਇਸ ਦੇ ਇਨਫੈਕਸ਼ਨ ਤੋਂ ਬੱਚ ਸਕਦੇ ਹਾਂ।

Posted By: Rajnish Kaur