ਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ 61 ਸਾਲਾ ਭਾਰਤੀ ਯਦਵਿੰਦਰ ਸਿੰਘ ਸੰਧੂ ਨੂੰ ਮਨੁੱਖੀ ਸਮੱਗਲਿੰਗ ਦੇ ਮਾਮਲੇ 'ਚ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ 'ਤੇ ਭਾਰਤੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਨਾਜਾਇਜ਼ ਤੌਰ 'ਤੇ ਅਮਰੀਕਾ ਲਿਆਉਣ ਦਾ ਦੋਸ਼ ਸੀ। ਇਸ ਸਾਲ ਦੇ ਸ਼ੁਰੂ ਵਿਚ ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਸੀ।

ਅਮਰੀਕੀ ਕਾਨੂੰਨ ਵਿਭਾਗ ਅਨੁਸਾਰ ਸੰਧੂ ਨੇ 2013 ਤੋਂ 2015 ਵਿਚਕਾਰ 400 ਲੋਕਾਂ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਵਿਚ ਮਦਦ ਕੀਤੀ ਸੀ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਮਾਰਚ, 2017 ਵਿਚ ਸੰਧੂ ਖ਼ਿਲਾਫ਼ ਦਰਜ ਮੁਕੱਦਮੇ ਅਨੁਸਾਰ ਉਸ ਨੇ ਕਈ ਵਾਰ ਭੁਪਿੰਦਰ ਕੁਮਾਰ, ਰਾਜਿੰਦਰ ਸਿੰਘ, ਰਾਬਰਟ ਸਕਾਟ ਵਰਗੇ ਨਾਵਾਂ ਨਾਲ ਮਨੁੱਖੀ ਸਮੱਗਲਿੰਗ ਨੂੰ ਅੰਜਾਮ ਦਿੱਤਾ ਸੀ। ਉਹ ਡੋਮੀਨਿਕਨ ਗਣਰਾਜ, ਹੈਤੀ, ਪਿਊਟੋਰਿਕੋ ਅਤੇ ਭਾਰਤ ਸਮੇਤ ਦੁਨੀਆ ਭਰ ਵਿਚ ਕਈ ਥਾਵਾਂ 'ਤੇ ਸਰਗਰਮ ਮਨੁੱਖੀ ਸਮੱਗਲਰ ਗਿਰੋਹ ਦੇ ਮੁੱਖ ਲੋਕਾਂ ਵਿਚੋਂ ਇਕ ਸੀ।

ਉਸ ਦਾ ਗਿਰੋਹ ਵਿਦੇਸ਼ੀਆਂ ਨੂੰ ਹਵਾਈ ਅਤੇ ਸਮੁੰਦਰ ਰਸਤੇ ਪਹਿਲੇ ਡੋਮੀਨਿਕਨ ਗਣਰਾਜ ਪਹੁੰਚਾਉਂਦਾ ਸੀ। ਉਥੋਂ ਫਿਰ ਉਨ੍ਹਾਂ ਨੂੰ ਨਿਊਯਾਰਕ ਅਤੇ ਕੈਲੀਫੋਰਨੀਆ ਸਮੇਤ ਅਮਰੀਕਾ ਦੇ ਹੋਰ ਸ਼ਹਿਰਾਂ ਵਿਚ ਭੇਜਿਆ ਜਾਂਦਾ ਸੀ। ਸੰਧੂ ਨੇ ਕੁਝ ਵਿਦੇਸ਼ੀਆਂ ਲਈ ਫਰਜ਼ੀ ਪਛਾਣ ਪੱਤਰ ਵੀ ਬਣਵਾਏ ਸਨ। ਉਸ ਨੇ ਕਈ ਵਾਰ ਉਨ੍ਹਾਂ ਵਿਦੇਸ਼ੀਆਂ ਦਾ ਸ਼ੋਸ਼ਣ ਕਰ ਕੇ ਉਨ੍ਹਾਂ ਦੇ ਪਰਿਵਾਰ ਤੋਂ ਪੈਸੇ ਵੀ ਠੱਗੇ। ਭਾਰਤ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਨੇ ਸੰਧੂ ਨੂੰ 30 ਹਜ਼ਾਰ ਡਾਲਰ (ਕਰੀਬ 20 ਲੱਖ ਰੁਪਏ) ਤੋਂ 85 ਹਜ਼ਾਰ ਡਾਲਰ (ਕਰੀਬ 60 ਲੱਖ ਰੁਪਏ) ਤਕ ਦਾ ਭੁਗਤਾਨ ਕੀਤਾ ਸੀ।