ਵਾਸ਼ਿੰਗਟਨ (ਪੀਟੀਆਈ) : ਭਾਰਤੀ ਅਰਥ-ਸ਼ਾਸਤਰੀ ਆਭਾਸ ਝਾਅ ਨੂੰ ਵਿਸ਼ਵ ਬੈਂਕ ਨੇ ਅਹਿਮ ਅਹੁਦੇ 'ਤੇ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਸਮਰੱਥਾ ਦੀ ਵਰਤੋਂ ਦੱਖਣੀ ਏਸ਼ੀਆ 'ਚ ਜਲਵਾਯੂ ਪਰਿਵਰਤਨ ਅਤੇ ਆਫ਼ਤ ਜੋਖ਼ਮ ਪ੍ਰਬੰਧਨ ਲਈ ਕੀਤੀ ਜਾਵੇਗੀ। ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਚੱਕਰਵਾਤ ਅੰਫਾਨ ਨੇ ਭਾਰਤ 'ਚ ਪੱਛਮੀ ਬੰਗਾਲ, ਓਡੀਸ਼ਾ ਅਤੇ ਬੰਗਲਾਦੇਸ਼ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਆਭਾਸ ਝਾਅ ਦੇ ਅਧਿਕਾਰ ਖੇਤਰ ਵਿਚ ਭਾਰਤ, ਬੰਗਲਾਦੇਸ਼, ਪਾਕਿਸਤਾਨ, ਅਫ਼ਗਾਨਿਸਤਾਨ, ਸ੍ਰੀਲੰਕਾ, ਨੇਪਾਲ ਅਤੇ ਮਾਲਦੀਵ ਆਦਿ ਆਉਂਦੇ ਹਨ। ਝਾਅ ਦੀਆਂ ਚੋਟੀ ਦੀਆਂ ਤਰਜੀਹਾਂ ਵਿੱਚੋਂ ਇਕ ਦੱਖਣੀ ਏਸ਼ੀਆ ਖੇਤਰ (ਐੱਸਏਆਰ) ਆਫ਼ਤ ਜੋਖ਼ਮ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਟੀਮ ਨੂੰ ਜੋੜਨ ਅਤੇ ਸਹਿਯੋਗ ਕਰਨ ਲਈ ਪ੍ਰੋਤਸਾਹਿਤ ਅਤੇ ਮਦਦ ਕਰਨਾ ਹੋਵੇਗਾ। ਬੈਂਕ ਨੇ ਕਿਹਾ ਹੈ ਕਿ ਝਾਅ ਹੋਰ ਪ੍ਰੈਕਟਿਸ ਮੈਨੇਜਰਾਂ ਅਤੇ ਗਲੋਬਲ ਸੋਲੂਸ਼ਨਜ਼ ਗਰੁੱਪਾਂ ਨਾਲ ਮਿਲ ਕੇ ਕੰਮ ਕਰਨਗੇ ਤਾਂਕਿ ਵੱਡੇ ਪੈਮਾਨੇ 'ਤੇ ਨਾ ਕੇਵਲ ਉੱਚ ਗੁਣਵੱਤਾ ਵਾਲੇ ਹੱਲ ਪੇਸ਼ ਕੀਤੇ ਜਾ ਸਕਣ ਸਗੋਂ ਇਨ੍ਹਾਂ ਦੇਸ਼ਾਂ ਦੇ ਸਹਿਯੋਗ ਲਈ ਵਿਸ਼ਵ ਗਿਆਨ ਅਤੇ ਉਸ ਦੇ ਪ੍ਰਵਾਹ ਨੂੰ ਬੜ੍ਹਾਵਾ ਦਿੱਤਾ ਜਾ ਸਕੇ।

ਸਾਲ 2001 ਤੋਂ ਵਿਸ਼ਵ ਬੈਂਕ ਨਾਲ ਜੁੜੇ ਝਾਅ ਬੰਗਲਾਦੇਸ਼, ਭੂਟਾਨ, ਭਾਰਤ ਅਤੇ ਸ੍ਰੀਲੰਕਾ ਦੇ ਬੈਂਕ ਦਫ਼ਤਰ ਵਿਚ ਕਾਰਜਕਾਰੀ ਡਾਇਰੈਕਟਰ ਰਹਿ ਚੁੱਕੇ ਹਨ। ਉਨ੍ਹਾਂ ਨੇ ਲਾਤੀਨੀ ਅਮਰੀਕਾ, ਕੈਰੀਬੀਅਨ, ਯੂਰਪ, ਮੱਧ ਏਸ਼ੀਆ, ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ ਵਿਚ ਕੰਮ ਕੀਤਾ ਹੈ। ਉਹ ਕੁਝ ਸਮਾਂ ਪਹਿਲੇ ਤਕ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿਚ ਸ਼ਹਿਰੀ ਵਿਕਾਸ ਅਤੇ ਆਫ਼ਤ ਜੋਖ਼ਮ ਪ੍ਰਬੰਧਨ ਲਈ ਬਤੌਰ ਪ੍ਰੈਕਟਿਸ ਮੈਨੇਜਰ ਕੰਮ ਕਰ ਰਹੇ ਸਨ।