ਲੰਡਨ (ਏਜੰਸੀ) : ਯੂਕੇ ਦੀ ਸਰਕਾਰੀ ਨੈਸ਼ਨਲ ਹੈੱਲਥ ਸਰਵਿਸ 'ਚ ਕੰਮ ਕਰਦੇ ਭਾਰਤੀ ਡਾਕਟਰਾਂ ਨੇ ਵਿਦੇਸ਼ੀ ਡਾਕਟਰਾਂ 'ਤੇ ਲਾਏ 'ਨਾਜਾਇਜ਼ ਤੇ ਪੱਖਪਾਤੀ' ਸਰਚਾਰਜ ਨੂੰ ਹਟਾਉਣ ਲਈ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਪੱਤਰ ਲਿਖਿਆ ਹੈ। ਇਨ੍ਹਾਂ 'ਚ ਬਹੁਤੇ ਡਾਕਟਰ ਉਹ ਨੇ ਜਿਹੜੇ ਕੋਰੋਨਾ ਵਾਇਰਸ ਦੀ ਆਫ਼ਤ ਨੂੰ ਨਜਿੱਠਣ ਲਈ ਦਿਨ ਰਾਤ ਇਕ ਕਰ ਰਹੇ ਹਨ। ਯੂਕੇ ਦੇ 9500 ਤੋਂ ਵੱਧ ਲੋਕਾਂ ਨੂੰ ਇਸ ਵਾਇਰਸ ਨੇ ਆਪਣੀ ਲਪੇਟ 'ਚ ਲਿਆ ਹੈ। ਯੂਕੇ ਕੰਮ ਲਈ,ਪੜ੍ਹਨ ਲਈ ਜਾਂ ਫੈਮਿਲੀ ਵੀਜ਼ਾ 'ਤੇ ਆਉਣ ਵਾਲੇ ਹਰ ਇਕ ਨੂੰ ਛੇ ਮਹੀਨੇ ਤੋਂ ਵੱਧ ਸਮਾਂ ਠਹਿਰਨ ਲਈ ਇਹ ਸਰਚਾਰਜ ਦੇਣਾ ਪੈਂਦਾ ਹੈ। ਇਮੀਗ੍ਰੇਸ਼ਨ ਹੈੱਲਥ ਸਰਚਾਰਜ

ਅਪ੍ਰੈਲ,2015 'ਚ ਲਾਗੂ ਕੀਤਾ ਗਿਆ ਸੀ ਤਾਂ ਕਿ ਨੈਸ਼ਨਲ ਹੈੱਲਥ ਸਰਵਿਸ ਲਈ ਵਾਧੂ ਫੰਡ ਜੁਟਾਏ ਜਾ ਸਕਣ। ਹੁਣ ਇਸ ਮਹੀਨੇ ਦੇ ਸ਼ੁਰੂ 'ਚ ਹੀ ਭਾਰਤੀ ਮੂਲ ਦੇ ਚਾਂਸਲਰ ਰਿਸ਼ੀ ਸੂਨਕ ਨੇ ਬਜਟ ਪੇਸ਼ ਕਰਨ ਵੇਲੇ ਐਲਾਨ ਕੀਤਾ ਸੀ ਕਿ ਇਹ ਚਾਰਜ ਹੁਣ 400 ਪੌਂਡ ਸਾਲਾਨਾ ਤੋਂ ਵਧਾ ਕੇ 624 ਪੌਂਡ ਕੀਤਾ ਜਾਵੇਗਾ। ਬਿ੍ਟਿਸ਼ ਐਸੋਸੀਏਸ਼ਨ ਆਫ਼ ਫਿਜੀਸ਼ੀਅਨਜ਼ ਆਫ਼ ਇੰਡੀਅਨ ਓਰਿਜਨ ਵਲੋਂ ਬੁੱਧਵਾਰ ਨੂੰ ਜਾਨਸਨ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਭਾਰਤੀ ਡਾਕਟਰ ਪਹਿਲਾਂ ਹੀ ਨੈਸ਼ਨਲ ਇੰਸ਼ੋਰੈਂਸ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਇਸ ਪੱਤਰ 'ਤੇ ਜਥੇਬੰਦੀ ਦੇ ਪ੍ਰਧਾਨ ਰਮੇਸ਼ ਮਹਿਤਾ, ਚੇਅਰਮੈਨ ਜੇਐੱਸ ਬਮਰਾਹ ਤੇ ਸਕੱਤਰ ਪ੍ਰਰੋ.ਪਰਾਗ ਸਿੰਘਲ ਦੇ ਹਸਤਾਖਰ ਹਨ।