ਹਿਊਸਟਨ (ਪੀਟੀਆਈ) : ਅਮਰੀਕਾ ਦੇ ਟੈਕਸਾਸ ਸੂਬੇ ਸਥਿਤ ਹੈਰਿਸ ਕਾਊਂਟੀ ਦੇ ਡਿਪਟੀ ਕਾਂਸਟੇਬਲ ਅਹੁਦੇ 'ਤੇ ਤਾਇਨਾਤ ਹੋਣ ਵਾਲੇ ਭਾਰਤਵੰਸ਼ੀ ਸਿੱਖ ਅੰਮਿ੍ਤ ਸਿੰਘ ਪਹਿਲੇ ਅਧਿਕਾਰੀ ਬਣ ਗਏ ਹਨ ਜਿਨ੍ਹਾਂ ਨੂੰ ਆਪਣੇ ਧਰਮ ਮੁਤਾਬਕ ਦਸਤਾਰ ਸਜਾਉਣ ਤੋਂ ਲੈ ਕੇ ਦਾੜ੍ਹੀ ਰੱਖਣ ਦੀ ਇਜਾਜ਼ਤ ਮਿਲੀ ਹੈ। ਇਸ ਨਾਲ ਅੰਮਿ੍ਤ ਸਿੰਘ ਦੇ ਪਰਿਵਾਰ ਸਮੇਤ ਅਮਰੀਕਾ 'ਚ ਸਿੱਖ ਭਾਈਚਾਰੇ ਦੇ ਲੋਕਾਂ 'ਚ ਖ਼ੁਸ਼ੀ ਦਾ ਮਾਹੌਲ ਹੈ।

ਹੈਰਿਸ ਕਾਊਂਟੀ ਦੇ ਡਿਪਟੀ ਕਾਂਸਟੇਬਲ ਅਹੁਦੇ 'ਤੇ ਤਾਇਨਾਤ ਹੋਏ ਅੰਮਿ੍ਤ (21) ਖੇਤਰ 'ਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ 'ਚ ਆਪਣਾ ਯੋਗਦਾਨ ਦੇਣਗੇ। ਮੰਗਲਵਾਰ ਨੂੰ ਉਨ੍ਹਾਂ ਦੇ ਸਹੁੰ ਚੁੱਕਣ ਦੇ ਨਾਲ-ਨਾਲ ਡਿਊਟੀ ਦੌਰਾਨ ਵੀ ਧਾਰਮਿਕ ਆਸਥਾ ਨਾਲ ਜੁੜੇ ਚਿੰਨ੍ਹਾਂ ਨੂੰ ਧਾਰਨ ਕਰਨ ਦੀ ਛੋਟ ਦਿੱਤੀ ਗਈ।

ਅੰਮਿ੍ਤ ਫਿਲਹਾਲ ਕੁਝ ਮਹੀਨਿਆਂ ਤਕ ਪੁਲਿਸ ਸਿਖਲਾਈ ਹਾਸਲ ਕਰਨਗੇ।

ਅਮਰੀਕਾ 'ਚ ਇਸ ਤੋਂ ਪਹਿਲਾਂ 2015 'ਚ ਹੈਰਿਸ ਕਾਊਂਟੀ ਦੇ ਹੀ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਸੁਰਖੀਆਂ 'ਚ ਆਏ ਸਨ। ਉਹ ਪਹਿਲੇ ਡਿਪਟੀ ਸ਼ੈਰਿਫ ਸਨ ਜਿਨ੍ਹਾਂ ਨੂੰ ਸਿੱਖ ਰਿਵਾਜ ਮੁਤਾਬਕ ਦਸਤਾਰ ਸਜਾਉਣ ਦੀ ਛੋਟ ਮਿਲੀ ਸੀ। ਪਿਛਲੇ ਸਾਲ ਉਨ੍ਹਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।