ਵਾਸ਼ਿੰਗਟਨ (ਪੀਟੀਆਈ) : ਉੱਘੇ ਭਾਰਤੀ-ਅਮਰੀਕੀ ਭੌਂ ਵਿਗਿਆਨੀ ਡਾ. ਰਤਨ ਲਾਲ ਜਿਨ੍ਹਾਂ ਨੇ ਮਾਣਮੱਤਾ ਵਿਸ਼ਵ ਖਾਧ ਪੁਰਸਕਾਰ 2020 ਜਿੱਤਿਆ ਹੈ, ਨੇ ਭਾਰਤ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ 'ਤੇ ਤੁਰੰਤ ਰੋਕ ਲਗਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਜ਼ਮੀਨ ਤੋਂ ਸਭ ਕੁਝ ਖੋਹ ਲੈਣਾ ਠੀਕ ਨਹੀਂ ਹੈ। 75 ਸਾਲਾਂ ਦੇ ਲਾਲ ਨੂੰ ਵੀਰਵਾਰ ਨੂੰ 2,50,000 ਡਾਲਰ (ਕਰੀਬ 1.90 ਕਰੋੜ ਰੁਪਏ) ਦੇ ਵਿਸ਼ਵ ਖਾਧ ਪੁਰਸਕਾਰ ਦੇ ਪ੍ਰਾਪਤ ਕਰਤਾ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ। ਇਸ ਨੂੰ ਖੇਤੀ ਲਈ ਨੋਬਲ ਪੁਰਸਕਾਰ ਦੇ ਬਰਾਬਰ ਮੰਨਿਆ ਜਾਂਦਾ ਹੈ।

ਆਯੋਵਾ 'ਚ ਸਥਿਤ ਵਿਸ਼ਵ ਖਾਧ ਪੁਰਸਕਾਰ ਫਾਊਂਡੇਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਡਾ. ਲਾਲ ਦਾ ਪੰਜ ਦਹਾਕੇ ਦਾ ਕਰੀਅਰ ਚਾਰ ਤੋਂ ਜ਼ਿਆਦਾ ਮਹਾਦੀਪਾਂ 'ਚ ਫੈਲਿਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ 50 ਕਰੋੜ ਤੋਂ ਜ਼ਿਆਦਾ ਛੋਟੇ ਕਿਸਾਨਾਂ ਦੇ ਜੀਵਨ ਨਿਰਬਾਹ ਲਈ ਨਵੀਨ ਮਿੱਟੀ ਬੱਚਤ ਤਕਨੀਕਾਂ ਨੂੰ ਬੜ੍ਹਾਵਾ ਦਿੱਤਾ ਹੈ। ਉਨ੍ਹਾਂ ਦੇ ਕੰਮ ਨੇ ਦੋ ਅਰਬ ਤੋਂ ਜ਼ਿਆਦਾ ਲੋਕਾਂ ਨੂੰ ਖਾਧ ਅਤੇ ਪੌਸ਼ਣ ਸੁਰੱਖਿਆ ਵਿਚ ਸੁਧਾਰ ਕੀਤਾ ਹੈ ਅਤੇ ਪ੍ਰਕ੍ਰਿਤਕ ਊਸ਼ਣ ਕਟੀਬੰਧੀ ਖੇਤਰ ਦੇ ਲੱਖਾਂ ਹੈਕਟੇਅਰ ਖੇਤਰ ਨੂੰ ਬਚਾਇਆ ਹੈ।

ਫਾਊਂਡੇਸ਼ਨ ਨੇ ਕਿਹਾ ਕਿ ਭਾਰਤ ਦੇ ਨਿਵਾਸੀ ਅਤੇ ਅਮਰੀਕਾ ਦੇ ਨਾਗਰਿਕ ਲਾਲ ਨੂੰ 2020 ਦਾ ਵਿਸ਼ਵ ਖਾਧ ਪੁਰਸਕਾਰ ਮਿਲੇਗਾ। ਇਹ ਪੁਰਸਕਾਰ ਪ੍ਰਕ੍ਰਿਤਕ ਉਤਪਾਦਨ ਵਧਾਉਣ, ਪ੍ਰਕ੍ਰਿਤਕ ਸਾਧਨਾਂ ਦੇ ਸੰਰਖਿਅਣ ਅਤੇ ਜਲਵਾਯੂ ਪਰਿਵਰਤਨ ਨੂੰ ਘੱਟ ਕਰਨ ਲਈ ਮਿੱਟੀ ਕੇਂਦਰਿਤ ਦਿ੍ਸ਼ਟੀਕੋਣ ਵਿਕਸਿਤ ਕਰਨ ਅਤੇ ਮੁੱਖ ਧਾਰਾ ਵਿਚ ਲਿਆਉਣ ਲਈ ਹੋਵੇਗਾ।

ਓਹੀਓ ਸਟੇਟ ਯੂਨੀਵਰਸਿਟੀ ਦੇ ਕਾਲਜ ਆਫ ਫੂਡ, ਐਗਰੀਕਲਚਰ ਐਂਡ ਐਨਵਾਇਰਨਮੈਂਟਲ ਸਾਇੰਸਿਜ ਵਿਚ ਪ੍ਰਰੋਫੈਸਰ ਲਾਲ ਨੇ ਕਿਹਾ ਕਿ ਉਹ ਪੁਰਸਕਾਰ ਰਾਸ਼ੀ ਮਿੱਟੀ ਦੀ ਖੋਜ ਅਤੇ ਸਿੱਖਿਆ ਲਈ ਦਾਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਨਾਲ ਭੌਂ ਵਿਗਿਆਨ ਨੂੰ ਮਾਨਤਾ ਮਿਲੀ ਹੈ। ਮੈਂ ਇਸ ਦੇ ਬਾਰੇ ਵਿਚ ਬਹੁਤ ਖ਼ੁਸ਼ ਹਾਂ। ਉਨ੍ਹਾਂ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਰਗੇ ਰਾਜਾਂ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ 'ਤੇ ਤੁਰੰਤ ਰੋਕ ਲਗਾਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਜ਼ਮੀਨ ਤੋਂ ਸਭ ਕੁਝ ਖੋਹ ਲੈਣਾ ਇਸ ਲਈ ਚੰਗਾ ਨਹੀਂ ਹੈ। ਵਾਪਸੀ ਦਾ ਕਾਨੂੰਨ ਹੈ ਜੋ ਕੁਝ ਵੀ ਤੁਸੀਂ ਧਰਤੀ ਤੋਂ ਲੈਂਦੇ ਹੋ, ਤੁਹਾਨੂੰ ਉਸ ਨੂੰ ਵਾਪਸ ਕਰਨਾ ਹੋਵੇਗਾ।

ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜਨਾ ਕੇਵਲ ਦੋ ਰਾਜਾਂ ਵਿਚ ਹੀ ਨਹੀਂ ਸਗੋਂ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀ ਹਵਾ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਹੈ। ਡਾ. ਲਾਲ ਨੇ ਕਿਹਾ ਕਿ ਧਰਤੀ ਦੀ ਸਤਹਿ ਵਿਚ ਕਾਰਬਨਿਕ ਪਦਾਰਥ ਦੀ ਮਾਤਰਾ ਦੋ ਤੋਂ ਤਿੰਨ ਫ਼ੀਸਦੀ ਵਿਚਕਾਰ ਹੋਣੀ ਚਾਹੀਦੀ ਹੈ ਪ੍ਰੰਤੂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਮੱਧ ਭਾਰਤ ਅਤੇ ਦੱਖਣੀ ਭਾਗਾਂ ਦੀ ਮਿੱਟੀ ਵਿਚ ਇਹ ਸ਼ਾਇਦ 0.5 ਫ਼ੀਸਦੀ ਜਾਂ ਸ਼ਾਇਦ 0.2 ਫ਼ੀਸਦੀ ਹੈ।

Posted By: Rajnish Kaur