ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕਾ ਦੇ ਫਿਲਾਡੈਲਫੀਆ 'ਚ ਸਟੰਟਬਾਜ਼ੀ (ਛੱਤਾਂ ਵਿਚਕਾਰ ਜੰਪ ਮਾਰ ਰਹੇ) 'ਚ ਇਕ ਭਾਰਤਵੰਸ਼ੀ ਮੈਡੀਕਲ ਵਿਦਿਆਰਥੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਸੋਮਵਾਰ ਨੂੰ ਐੱਨਆਰਆਈ ਪਲਸ ਅਖ਼ਬਾਰ ਵੱਲੋਂ ਦਿੱਤੀ ਗਈ ਖ਼ਬਰ ਮੁਤਾਬਿਕ ਮਿ੍ਤਕ ਦੀ ਪਛਾਣ ਡ੍ਰੈਕਸਲ ਕਾਲਜ ਆਫ ਮੈਡੀਸਨ ਦੇ 23 ਸਾਲਾ ਵਿਦਿਆਰਥੀ ਵਿਵੇਕ ਸੁਬਰਮਣੀ ਵਜੋਂ ਹੋਈ ਹੈ।

ਪੁਲਿਸ ਮੁਤਾਬਿਕ ਚਸ਼ਮਦੀਦਾਂ ਨੇ ਦੱਸਿਆ ਕਿ ਸੁਬਰਮਣੀ ਅਤੇ ਉਸ ਦੇ ਦੋ ਦੋਸਤ 11 ਜਨਵਰੀ ਦੀ ਰਾਤ ਨੂੰ ਛੱਤਾਂ ਵਿਚਕਾਰ ਜੰਪ ਲਗਾ ਕੇ ਸਟੰਟ ਕਰ ਰਹੇ ਸਨ ਕਿ ਇਸ ਦੌਰਾਨ ਵਿਵੇਕ ਹੇਠਾਂ ਡਿੱਗ ਗਿਆ। ਖ਼ੂਨ ਨਾਲ ਲਥਪਥ ਵਿਵੇਕ ਨੂੰ ਥਾਮਸ ਜੈਫਰਸਨ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਮਿ੍ਤਕ ਐਲਾਨ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਸਟੰਟਬਾਜ਼ੀ ਤੋਂ ਪਹਿਲੇ ਵਿਵੇਕ ਨੇ ਦੋਸਤਾਂ ਨਾਲ ਸ਼ਰਾਬ ਵੀ ਪੀਤੀ ਸੀ। ਸ਼ੁਰੂਆਤ ਵਿਚ ਤਾਂ ਕਾਲਜ ਦੇ ਬੁਲਾਰੇ ਨੇ ਮੌਤ ਦਾ ਕਾਰਨ ਬਾਲਕਨੀ ਤੋਂ ਡਿੱਗਣਾ ਦੱਸਿਆ ਪ੍ਰੰਤੂ ਬਾਅਦ ਵਿਚ ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਹੀ ਘਟਨਾ ਦਾ ਸਪੱਸ਼ਟ ਕਾਰਨ ਦੱਸ ਸਕਦੀ ਹੈ।