ਹਿਊਸਟਨ (ਪੀਟੀਆਈ) : ਅਮਰੀਕਾ ਵਿਚ ਭਾਰਤੀ ਮੂਲ ਦੇ ਖੋਜੀ ਸੌਰਭ ਮਹਿਤਾ ਦੀ ਅਗਵਾਈ ਵਾਲੀ ਰਿਸਰਚ ਟੀਮ ਨੇ ਇਕ ਲੱਖ ਡਾਲਰ (ਕਰੀਬ 74 ਲੱਖ ਰੁਪਏ) ਦਾ ਇਨਾਮ ਜਿੱਤਿਆ ਹੈ। ਇਸ ਟੀਮ ਨੇ ਲਾਰ ਰਾਹੀਂ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਦਾ ਪਤਾ ਲਗਾਉਣ ਲਈ ਮੋਬਾਈਲ ਫੋਨ ਆਧਾਰਤ ਇਕ ਜਾਂਚ ਵਿਕਸਿਤ ਕੀਤੀ ਹੈ। ਇਸ ਵਿਧੀ ਨਾਲ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਦਾ ਵੀ ਪਤਾ ਲੱਗ ਸਕਦਾ ਹੈ।

ਮਹਿਤਾ ਦੀ ਅਗਵਾਈ ਵਾਲੀ ਕਾਰਨੇਲ ਰਿਸਰਚ ਟੀਮ ਨੂੰ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਟੈਕਨਾਲੋਜੀ ਐਕਸੈਲਰੇਟਰ ਚੈਲੰਜ ਪ੍ਰਰਾਈਜ਼ ਨਾਲ ਨਵਾਜਿਆ ਗਿਆ ਹੈ। ਇਹ ਪੁਰਸਕਾਰ ਵਿਸ਼ਵ ਸਿਹਤ ਲਈ ਬਿਨਾਂ ਕਿਸੇ ਚੀਰਫਾੜ ਵਾਲੀ ਨਵੀਂ ਜਾਂਚ ਦੇ ਵਿਕਾਸ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਦਿੱਤਾ ਜਾਂਦਾ ਹੈ। ਮਹਿਤਾ ਅਨੁਸਾਰ ਇਸ ਵਿਧੀ ਵਿਚ ਲਾਰ ਬਾਇਓਮਾਰਕਰ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ ਮਲੇਰੀਆ ਵਰਗੀਆਂ ਬਿਮਾਰੀਆਂ ਅਤੇ ਆਇਰਨ ਦੀ ਕਮੀ ਦਾ ਪਤਾ ਲਗਾਉਣ ਦੇ ਤੌਰ-ਤਰੀਕਿਆਂ ਵਿਚ ਵੱਡਾ ਬਦਲਾਅ ਆ ਸਕਦਾ ਹੈ। ਇਸ ਤਰੀਕੇ ਨਾਲ ਨਾ ਸਿਰਫ਼ ਜਲਦੀ ਸਗੋਂ ਸਹੀ ਨਤੀਜਾ ਵੀ ਮਿਲ ਸਕਦਾ ਹੈ। ਮਹਿਤਾ ਕਾਲਜ ਆਫ ਹਿਊਮਨ ਇਕੋਲੋਜੀ ਵਿਚ ਐਸੋਸੀਏਟ ਪ੍ਰਰੋਫੈਸਰ ਹਨ।