ਹਿਊਸਟਨ (ਪੀਟੀਆਈ) : ਅਮਰੀਕਾ 'ਚ ਭਾਰਤੀ ਮੂਲ ਦੇ ਵਿਗਿਆਨੀ ਅੰਕੁਰ ਜੈਨ ਨੂੰ ਵਿਸ਼ੇਸ਼ ਖੋਜ ਕੰਮ ਲਈ ਵੱਕਾਰੀ ਪੈਕਰਡ ਫੈਲੋਸ਼ਿਪ ਲਈ ਚੁਣਿਆ ਗਿਆ ਹੈ। ਅੰਕੁਰ ਮੈਸਾਚਿਊਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮਆਈਟੀ) ਵਿਚ ਜੀਵ ਵਿਗਿਆਨ ਦੇ ਸਹਾਇਕ ਪ੍ਰਰੋਫੈਸਰ ਦੇ ਤੌਰ 'ਤੇ ਕੰਮ ਕਰਦੇ ਹਨ। ਅੰਕੁਰ ਨੂੰ ਫੈਲੋਸ਼ਿਪ ਤਹਿਤ ਆਪਣੇ ਖੋਜ ਕੰਮ ਨੂੰ ਅੱਗੇ ਵਧਾਉਣ ਲਈ 8.75 ਲੱਖ ਡਾਲਰ (ਕਰੀਬ 6.28 ਕਰੋੜ ਰੁਪਏ) ਦੀ ਰਾਸ਼ੀ ਦਿੱਤੀ ਜਾਵੇਗੀ। ਅੰਕੁਰ ਨੂੰ ਇਹ ਫੈਲੋਸ਼ਿਪ ਨਾੜੀ ਤੰਤਰ ਸਬੰਧੀ ਬਿਮਾਰੀਆਂ ਦੇ ਖੇਤਰ ਵਿਚ ਕੀਤੇ ਗਏ ਖੋਜ ਕੰਮ ਲਈ ਦਿੱਤੀ ਗਈ ਹੈ। ਇਸ ਸਾਲ ਪੈਕਰਡ ਫੈਲੋਸ਼ਿਪ ਅੰਕੁਰ ਸਮੇਤ ਕੁਲ 22 ਖੋਜੀਆਂ ਨੂੰ ਦਿੱਤੀ ਗਈ ਹੈ।

ਅੰਕੁਰ ਨੇ ਖੜਗਪੁਰ ਆਈਆਈਟੀ ਤੋਂ 2007 ਵਿਚ ਬਾਇਓਟੈਕਨਾਲੋਜੀ ਐਂਡ ਬਾਇਓਕੈਮੀਕਲ ਇੰਜੀਨੀਅਰਿੰਗ ਵਿਚ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਸੀ। ਖੋਜ ਲਈ ਅਮਰੀਕਾ ਪੁੱਜੇ ਅੰਕੁਰ ਨੇ ਯੂਨੀਵਰਸਿਟੀ ਆਫ ਇਲਿਨਾਅਸ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ਇਸ ਮਗਰੋਂ ਉਨ੍ਹਾਂ ਕੈਲੀਫੋਰਨੀਆ ਯੂਨੀਵਰਸਿਟੀ ਦੀ ਰੋਨਾਲਡ ਵੈੱਲ ਲੈਬ ਤੋਂ ਨਾੜੀ ਤੰਤਰ ਦੀਆਂ ਬਿਮਾਰੀਆਂ ਨਾਲ ਜੁੜੇ ਖੋਜ ਕੰਮ ਕੀਤੇ।