ਨਿਊਯਾਰਕ (ਪੀਟੀਆਈ) : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਤੈਮੇਸਕਲ ਵੈਲੀ 'ਚ ਐਤਵਾਰ ਰਾਤ ਹੋਏ ਸੜਕ ਹਾਦਸੇ 'ਚ ਕਾਰ ਚਲਾ ਰਹੇ ਭਾਰਤਵੰਸ਼ੀ ਅਨੁਰਾਗ ਚੰਦਰਾ (42) 'ਤੇ ਹੱਤਿਆ ਦਾ ਮੁਕੱਦਮਾ ਚੱਲੇਗਾ। ਇਸ ਹਾਦਸੇ 'ਚ ਤਿੰਨ ਨਾਬਾਲਗਾਂ ਦੀ ਮੌਤ ਹੋ ਗਈ ਸੀ। ਹਾਦਸੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਦਾ ਕਹਿਣਾ ਹੈ ਕਿ ਅਨੁਰਾਗ ਨੇ ਨਾਬਾਲਗਾਂ ਦੀ ਕਾਰ ਨੂੰ ਆਪਣੀ ਕਾਰ ਨਾਲ ਜਾਣ-ਬੁੱਝ ਕੇ ਟੱਕਰ ਮਾਰੀ ਸੀ। ਇਸ ਟੱਕਰ ਨਾਲ ਨਾਬਾਲਗਾਂ ਦੀ ਕਾਰ ਸੜਕ ਕਿਨਾਰੇ ਇਕ ਦਰੱਖਤ ਨਾਲ ਜਾ ਟਕਰਾਈ ਸੀ। ਉਸ ਕਾਰ 'ਚ ਛੇ ਨਾਬਾਲਗ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਦੋ ਨੇ ਹਸਪਤਾਲ 'ਚ ਦਮ ਤੋੜਿਆ ਸੀ। ਤਿੰਨ ਨਾਬਾਲਾਗਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਹੁਣ ਖ਼ਤਰੇ ਤੋਂ ਬਾਹਰ ਦੱਸਿਆ ਗਿਆ ਹੈ।

ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਲੈਫਟੀਨੈਂਟ ਡੇਵਿਡ ਯੋਕਲੇ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਹਾਦਸੇ ਨੂੰ ਜਾਣ-ਬੁੱਝ ਕੇ ਅੰਜਾਮ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਹੁਣ ਹਿੱਟ ਐਂਡ ਰਨ ਦੀ ਬਜਾਏ ਹੱਤਿਆ ਦੇ ਨਜ਼ਰੀਏ ਨਾਲ ਕੀਤੀ ਜਾਵੇਗੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕੋਰੋਨਾ ਸਿਟੀ 'ਚ ਰਹਿਣ ਵਾਲੇ ਅਨੁਰਾਗ 'ਤੇ ਪਹਿਲਾਂ ਤੋਂ ਅਪਰਾਧਕ ਮਾਮਲੇ ਚੱਲ ਰਹੇ ਹਨ। ਅਨੁਰਾਗ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।