ਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ ਭਾਰਤ ਦੇ ਨਵ-ਨਿਯੁਕਤ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਸਥਿਤ ਓਵਲ ਦਫ਼ਤਰ 'ਚ ਆਪਣੇ ਦਸਤਾਵੇਜ਼ ਸੌਂਪੇ। ਵੀਰਵਾਰ ਨੂੰ ਦਸਤਾਵੇਜ਼ ਸੌਂਪੇ ਜਾਣ ਲਈ ਕਰਵਾਏ ਪ੍ਰੋਗਰਾਮ ਵਿਚ ਟਰੰਪ ਨੇ ਸੰਧੂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੱਸਣਯੋਗ ਹੈ ਕਿ ਭਾਰਤੀ ਵਿਦੇਸ਼ ਸੇਵਾ ਦੇ 1988 ਬੈਚ ਦੇ ਅਧਿਕਾਰੀ ਸੰਧੂ ਇਸ ਤੋਂ ਪਹਿਲੇ ਸ੍ਰੀਲੰਕਾ 'ਚ ਭਾਰਤ ਦੇ ਹਾਈ ਕਮਿਸ਼ਨਰ ਸਨ। ਉਨ੍ਹਾਂ ਨੇ ਹਰਸ਼ ਵਰਧਨ ਸ਼ਿ੍ੰਗਲਾ ਦਾ ਸਥਾਨ ਲਿਆ ਹੈ।

ਭਾਰਤੀ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਕਿ ਕਾਗਜ਼ ਪੱਤਰ ਸੌਂਪੇ ਜਾਣ ਦੌਰਾਨ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਵਿਚਕਾਰ ਹੋਈ ਕਈ ਵਾਰ ਦੀ ਗੱਲਬਾਤ ਨੂੰ ਯਾਦ ਕੀਤਾ। ਉਨ੍ਹਾਂ ਮੋਦੀ ਨਾਲ ਆਪਣੀ ਦੋਸਤੀ ਦਾ ਜ਼ਿਕਰ ਕੀਤਾ। ਇਸ ਮੌਕੇ 'ਤੇ ਸੰਧੂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁੱਭ ਕਾਮਨਾ ਸੰਦੇਸ਼ ਵੀ ਟਰੰਪ ਨੂੰ ਦਿੱਤਾ। ਭਾਰਤੀ ਰਾਜਦੂਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਦੀ ਸੋਚ ਅਤੇ ਮਾਰਗ ਦਰਸ਼ਨ ਨਾਲ ਭਾਰਤ ਅਤੇ ਅਮਰੀਕਾ ਦੇ ਰਣਨੀਤਕ ਸਬੰਧ ਹੋਰ ਮਜ਼ਬੂਤ ਹੋਏ ਹਨ।

ਇਸ ਮੌਕੇ ਦੱਖਣੀ ਅਤੇ ਮੱਧ ਏਸ਼ੀਆ ਦੇ ਮਾਮਲਿਆਂ ਲਈ ਅਮਰੀਕਾ ਦੀ ਕਾਰਜਕਾਰੀ ਸਹਾਇਕ ਮੰਤਰੀ ਐਲਿਸ ਜੀ ਵੈਲਸ ਨੇ ਵੀ ਭਾਰਤੀ ਰਾਜਦੂਤ ਦਾ ਸਵਾਗਤ ਕੀਤਾ। ਉਨ੍ਹਾਂ ਟਵੀਟ ਕਰ ਕੇ ਕਿਹਾ, 'ਅਮਰੀਕਾ ਵਿਚ ਭਾਰਤ ਦੇ ਨਵੇਂ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਸਵਾਗਤ ਹੈ। ਸੰਧੂ ਦਾ ਪੁਰਾਣਾ ਰਿਕਾਰਡ ਅਤੇ ਵਿਸ਼ਾਲ ਅਨੁਭਵ ਸਾਡੀ ਭਾਈਵਾਲੀ ਦੇ ਭਵਿੱਖ ਲਈ ਲਾਭਕਾਰੀ ਹੋਵੇਗਾ। ਵਾਸ਼ਿੰਗਟਨ 'ਚ ਉਨ੍ਹਾਂ ਦਾ ਫਿਰ ਤੋਂ ਸਵਾਗਤ ਹੈ।' ਇਸ ਦੇ ਜਵਾਬ ਵਿਚ ਸੰਧੂ ਨੇ ਟਵੀਟ ਕੀਤਾ, 'ਧੰਨਵਾਦ ਐਲਿਸ ਵੈਲਸ। ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।' ਕੋਲੰਬੋ 'ਚ ਹਾਈ ਕਮਿਸ਼ਨਰ ਰਹਿਣ ਤੋਂ ਪਹਿਲੇ ਸੰਧੂ ਵਾਸ਼ਿੰਗਟਨ 'ਚ ਜੁਲਾਈ 2013 ਤੋਂ ਜਨਵਰੀ 2017 ਤਕ ਭਾਰਤੀ ਦੂਤਘਰ ਦੇ ਉਪ ਮੁਖੀ ਸਨ।