ਨਿਊਯਾਰਕ (ਪੀਟੀਆਈ) : ਸੰਯੁਕਤ ਰਾਸ਼ਟਰ ਸੰਘ 'ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤਿਰੂਮੂਰਤੀ ਨੇ ਕਿਹਾ ਹੈ ਕਿ ਮਨੁੱਖਤਾ ਦੀ ਸੇਵਾ ਲਈ ਇਹ ਜ਼ਰੂਰੀ ਹੈ ਕਿ ਦੁਨੀਆ 'ਚ ਸ਼ਾਂਤੀ ਤੇ ਭਾਈਚਾਰੇ ਦਾ ਮਾਹੌਲ ਬਣਾ ਰਹੇ। ਇਸ ਲਈ ਭਾਰਤ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਉਂਦਾ ਰਹੇਗਾ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਲਈ ਇਸ ਸਾਲ ਡੇਢ ਲੱਖ ਡਾਲਰ (ਇਕ ਕਰੋੜ ਰੁਪਏ ਤੋਂ ਜ਼ਿਆਦਾ) ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰ 'ਚ ਕੌਮਾਂਤਰੀ ਫਿਰਕੇ ਨੂੰ 2021 'ਚ ਸ਼ਾਂਤੀ ਦੀ ਸਥਾਪਨਾ ਲਈ ਹੋਰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

ਸ਼ਾਂਤੀ ਸਥਾਪਨਾ ਫੰਡ ਦੀ ਇਕ ਉੱਚ ਪੱਧਰੀ ਵਰਚੁਅਲ ਬੈਠਕ 'ਚ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸੰਘਰਸ਼ ਦੀ ਰੋਕਥਾਮ ਕਰ ਕੇ ਅਸੀਂ ਲੋਕਾਂ ਨੂੰ ਸ਼ਾਂਤੀ ਸਥਾਪਨਾ ਲਈ ਇਕ ਮਜ਼ਬੂਤ ਵਿਵਸਥਾ ਦੇ ਸਕਦੇ ਹਨ। ਇਸ ਲਈ ਸੰਯੁਕਤ ਰਾਸ਼ਟਰ ਰਾਸ਼ਟਰ ਨੂੰ ਤਾਕਤ ਦੇਣ ਲਈ ਮੈਂਬਰ ਦੇਸ਼ਾਂ ਦੀ ਮਜ਼ਬੂਤ ਹਮਾਇਤ ਦੀ ਲੋੜ ਹੈ।

ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਜ਼ਬੂਤ ਸੁਰੱਖਿਆ ਢਾਂਚੇ ਨਾਲ ਹੀ ਸੁਸ਼ਾਸਨ ਦੇ ਮਜ਼ਬੂਤ ਨਾਗਰਿਕ ਢਾਂਚੇ ਦਾ ਨਿਰਮਾਣ ਹੋ ਸਕਦਾ ਹੈ। ਸਾਨੂੰ ਸ਼ਾਂਤੀ ਦੀ ਸਥਾਪਨਾ ਲਈ ਖਾਸ ਪਹਿਲੂਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿਹੜਾ ਪਹਿਲਾਂ ਹੋਏ ਸੰਘਰਸ਼ ਦੀਆਂ ਸਥਿਤੀਆਂ 'ਤੇ ਅਸਰ ਪਾ ਸਕਣ। ਇਸ ਨਾਲ ਅਸੀਂ ਆਪਣੇ ਫੰਡ ਦਾ ਵੀ ਵੱਧ ਤੋਂ ਵੱਧ ਇਸਤੇਮਾਲ ਕਰ ਸਕਾਂਗੇ।

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤੇਰਸ ਨੇ ਕਿਹਾ ਕਿ ਸੰਵੇਦਸ਼ਨਸ਼ੀਲ ਮਾਮਲਿਆਂ 'ਚ ਸ਼ਾਂਤੀ ਸਥਾਪਨਾ ਲਈ ਸਿਆਸੀ ਹੌਸਲਾ ਤੇ ਰਾਸ਼ਟਰੀ ਤੇ ਸਥਾਨਕ ਪੱਧਰ 'ਤੇ ਅਗਵਾਈ ਦੀ ਵੀ ਲੋੜ ਹੁੰਦੀ ਹੈ। ਇਸ ਨਾਲ ਹੀ ਕੌਮਾਂਤਰੀ ਫਿਰਕੇ ਤੋਂ ਸਹੀ ਸਮੇਂ 'ਤੇ ਉਚਿਤ ਹਮਾਇਤ ਵੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਸ਼ਾਂਤੀ ਸਥਾਪਨਾ ਦਾ ਫੰਡ ਵੀ ਕਾਫ਼ੀ ਹੋਣਾ ਜ਼ਰੂਰੀ ਹੈ।