ਵਾਸ਼ਿੰਗਟਨ (ਏਜੰਸੀ) : ਭਾਰਤ ਨੂੰ ਅਮਰੀਕੀ ਵੈਕਸੀਨ 'ਚ ਉਸ ਦਾ ਹਿੱਸਾ ਸੰਯੁਕਤ ਰਾਸ਼ਟਰ ਸਮਰਥਤ ਕੋਵੈਕਸ ਮੁਹਿੰਮ ਜ਼ਰੀਏ ਵੀ ਮਿਲੇਗਾ। ਜੋਅ ਬਾਇਡਨ ਪ੍ਰਸ਼ਾਸਨ ਨੇ ਦੋ ਜੂਨ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਆਪਣੇ ਭੰਡਾਰ ਤੋਂ 2.5 ਕਰੋੜ ਖ਼ੁਰਾਕਾਂ ਵੈਕਸੀਨ ਦਾ 75 ਫ਼ੀਸਦੀ ਹਿੱਸਾ ਕੋਵੈਕਸ ਮੁਹਿੰਮ ਤਹਿਤ ਦੱਖਣ ਤੇ ਦੱਖਣ-ਪੂਰਬ ਏਸ਼ੀਆ ਤੇ ਅਫਰੀਕਾ ਦੇ ਦੇਸ਼ਾਂ ਨੂੰ ਦੇਵੇਗਾ। ਇਹ ਅਮਰੀਕਾ ਵੱਲੋਂ ਜੂਨ ਦੇ ਅਖੀਰ ਤਕ ਅੱਠ ਕਰੋੜ ਖ਼ੁਰਾਕਾਂ ਵੈਕਸੀਨ ਦੁਨੀਆ ਭਰ ਦੇ ਦੇਸ਼ਾਂ ਨੂੰ ਦਿੱਤੇ ਜਾਣ ਦੀ ਯੋਜਨਾ ਦਾ ਹਿੱਸਾ ਹੈ। ਵ੍ਹਾਈਟ ਹਾਊਸ ਮੁਤਾਬਕ, ਕਰੀਬ 1.9 ਕਰੋੜ ਡੋਜ਼ ਵੈਕਸੀਨ ਦੀ ਵੰਡ ਕੋਵੈਕਸ ਮੁਹਿੰਮ ਤਹਿਤ ਕੀਤੀ ਜਾਵੇਗੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਵਿਸਥਾਰਤ ਵੇਰਵਾ ਨਹੀਂ ਦੇ ਸਕਦਾ ਕਿ ਵੈਕਸੀਨ ਦੀ ਖੇਪ ਕਦੋਂ ਭਾਰਤ ਪਹੁੰਚੇਗੀ। ਹਾਲਾਂਕਿ ਭਾਰਤ ਨੂੰ ਅੱਠ ਕਰੋੜ ਖ਼ੁਰਾਕਾਂ ਵੈਕਸੀਨ 'ਚ ਉਸ ਦਾ ਹਿੱਸਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤ ਨੂੰ ਕੋਵੈਕਸ ਮੁਹਿੰਮ ਤਹਿਤ ਵੀ ਟੀਕਾ ਦਿੱਤਾ ਜਾਵੇਗਾ। ਮੈਨੂੰ ਲੱਗਦਾ ਹੈ ਕਿ ਕਰੀਬ 60 ਲੱਖ ਖ਼ੁਰਾਕਾਂ ਵੈਕਸੀਨ ਭਾਰਤ ਨੂੰ ਮਿਲਣਗੀਆਂ। ਇਸ ਦੌਰਾਨ, ਅਮਰੀਕਾ ਦੇ ਇਕ ਸੰਸਦ ਮੈਂਬਰ ਲੀ ਜੈਲਿਡਨ ਨੇ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਭਾਰਤ ਨੂੰ ਲੋੜੀਂਦੀ ਮਾਤਰਾ 'ਚ ਵੈਕਸੀਨ ਤੇ ਮੈਡੀਕਲ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਨਾਲ ਭਾਰਤ ਨੂੰ ਜਿਸ ਤਰ੍ਹਾਂ ਨੁਕਸਾਨ ਹੋਇਆ ਹੈ ਤੇ ਇਸ ਖੇਤਰ 'ਚ ਪੈਦਾ ਵੇਰੀਐਂਟ ਜਿਸ ਤਰ੍ਹਾਂ ਦੁਨੀਆ ਦੇ ਹੋਰ ਹਿੱਸਿਆਂ 'ਚ ਫੈਲ ਰਹੇ ਹਨ, ਉਸ ਨੂੰ ਦੇਖਦਿਆਂ ਅਮਰੀਕਾ ਲਈ ਇਹ ਜ਼ਰੂਰੀ ਹੈ ਕਿ ਉਹ ਵੈਕਸੀਨ ਦੀ ਸਪਲਾਈ ਕਰੇ।

ਰਿਪਬਲਿਕਨ ਸੰਸਦ ਮੈਂਬਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਖ਼ਤਮ ਕਰਨ ਲਈ ਸਾਨੂੰ ਉਨ੍ਹਾਂ ਦੇਸ਼ਾਂ ਦੀ ਮਦਦ ਕਰਨੀ ਚਾਹੀਦੀ ਹੈ, ਜਿਹੜੇ ਆਪਣੇ ਨਾਗਰਿਕਾਂ ਦਾ ਟੀਕਾਕਰਨ ਕਰਨਾ ਚਾਹੁੰਦੇ ਹਨ। ਵਾਇਰਸ ਦਾ ਆਲਮੀ ਪਸਾਰ ਰੋਕਣ ਲਈ ਭਾਰਤ ਨੂੰ ਵੈਕਸੀਨ ਤੇ ਹੋਰ ਮੈਡੀਕਲ ਸਮੱਗਰੀ ਮੁਹਈਆ ਕਰਵਾਉਣਾ ਜ਼ਰੂਰੀ ਹੈ।