ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਬਹੁਤ ਘੱਟ ਸਮੇਂ ਵਿਚ ਰਣਨੀਤਕ ਊਰਜਾ ਭਾਈਵਾਲੀ ਮਜ਼ਬੂਤ ਹੋਈ ਹੈ। ਉਨ੍ਹਾਂ ਇਹ ਭਰੋਸਾ ਪ੍ਰਗਟਾਇਆ ਕਿ ਇਸ ਸਹਿਯੋਗ ਨਾਲ ਭਾਰਤ ਅਤੇ ਅਮਰੀਕਾ ਵਿਚ ਅਰਥਚਾਰੇ ਨੂੰ ਪਟੜੀ 'ਤੇ ਲਿਆਉਣ ਵਿਚ ਮਦਦ ਮਿਲ ਸਕਦੀ ਹੈ।

ਸੰਧੂ ਨੇ ਕਿਹਾ ਕਿ ਭਾਰਤ ਦੇ 1.3 ਅਰਬ ਲੋਕਾਂ ਦੀਆਂ ਆਸਾਂ ਨੂੰ ਪੂਰਾ ਕਰਨ ਵਿਚ ਅਮਰੀਕਾ ਇਕ ਅਹਿਮ ਭਾਈਵਾਲ ਹੈ। ਮਨੱੁਖੀ ਯਤਨਾਂ ਦਾ ਅਜਿਹਾ ਕੋਈ ਖੇਤਰ ਨਹੀਂ ਹੈ ਜਿੱਥੇ ਭਾਰਤ ਅਤੇ ਅਮਰੀਕਾ ਵਿਚਕਾਰ ਆਪਸੀ ਸਹਿਯੋਗ ਨਹੀਂ ਹੈ। ਉਨ੍ਹਾਂ ਨੇ ਅਮਰੀਕੀ ਊਰਜਾ ਵਿਭਾਗ ਵੱਲੋਂ ਵੀਰਵਾਰ ਨੂੰ ਕਰਵਾਏ ਪ੍ਰਕ੍ਰਿਤਕ ਊਰਜਾ ਸਿਖਰ ਸੰਮੇਲਨ ਵਿਚ ਕਿਹਾ ਕਿ ਆਪਸੀ ਸਬੰਧਾਂ ਦੇ ਲਿਹਾਜ਼ ਨਾਲ ਹਾਲ ਹੀ ਦੇ ਸਾਲਾਂ ਵਿਚ ਕੁਝ ਖੇਤਰ ਮਹੱਤਵਪੂਰਣ ਬਣ ਕੇ ਉਭਰੇ ਹਨ ਅਤੇ ਊਰਜਾ ਇਸੇ ਤਰ੍ਹਾਂ ਦਾ ਇਕ ਖੇਤਰ ਹੈ। ਸੰਧੂ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਸਿਰਫ਼ ਦੋ ਸਾਲਾਂ ਵਿਚ ਸਾਡੀ ਰਣਨੀਤਕ ਊਰਜਾ ਭਾਈਵਾਲੀ ਨੇ ਡੂੰਘੀਆਂ ਜੜ੍ਹਾਂ ਜਮਾ ਲਈਆਂ ਹਨ। ਭਾਰਤ ਬਹੁਤ ਵੱਡਾ ਬਾਜ਼ਾਰ ਹੈ। ਇਸ ਸੰਮੇਲਨ ਨੂੰ ਅਮਰੀਕੀ ਊਰਜਾ ਮੰਤਰੀ ਡੇਨ ਬ੍ਰੋਈਲੇਟ ਨੇ ਵੀ ਸੰਬੋਧਨ ਕੀਤਾ।