ਵਾਸ਼ਿੰਗਟਨ (ਪੀਟੀਆਈ) : ਭਾਰਤ ਤੇ ਅਮਰੀਕਾ ਦੇ ਸਬੰਧ ਦੋਵੇਂ ਦੇਸ਼ਾਂ ਦੀਆਂ ਸਾਂਝੀਆਂ ਕਦਰਾਂ-ਕੀਮਤਾਂ 'ਤੇ ਆਧਾਰਤ ਹਨ। ਇਨ੍ਹਾਂ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦਾ ਫਿਰਕਾ ਇਕ ਥੰਮ ਵਜੋਂ ਕੰਮ ਕਰ ਰਿਹਾ ਹੈ। ਇਹ ਫਿਰਕਾ ਦੋਵੇਂ ਹੀ ਦੇਸ਼ਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਇਹ ਗੱਲ ਗਣਤੰਤਰ ਦਿਵਸ ਮੌਕੇ 'ਤੇ ਭਾਰਤ ਦੇ ਅਮਰੀਕਾ 'ਚ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਕਹੀ।

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਅਗਵਾਈ 'ਚ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਨਾਲ ਅਸੀਂ ਅੱਗੇ ਵਧਣ ਦੀਆਂ ਸੰਭਾਵਨਾਵਾਂ ਦੇਖ ਰਹੇ ਹਾਂ।

ਭਾਰਤੀ ਸਫ਼ੀਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਭਾਈਵਾਲੀ ਲੋਕਤੰਤਰ, ਬਹੁਪੱਖਵਾਦ ਤੇ ਕਾਨੂੰਨ ਦੇ ਸ਼ਾਸਨ 'ਤੇ ਆਧਾਰਤ ਹੈ। ਪੁਲਾੜ ਤੋਂ ਲੈ ਕੇ ਨੈਨੋ ਟੈਕਨਾਲੋਜੀ ਤਕ, ਹਿੰਦ-ਪ੍ਰਸ਼ਾਂਤ ਖੇਤਰ ਤੋਂ ਪੌਣ-ਪਾਣੀ ਤਬਦੀਲੀ ਤਕ, ਸਿਹਤ ਸੇਵਾਵਾਂ ਤੋਂ ਲੈ ਕੇ ਸਿੱਖਿਆ ਤੇ ਤਕਨੀਕ ਤਕ ਸਾਰਿਆਂ 'ਚ ਭਾਈਵਾਲੀ ਨਾਲ ਦੋਵੇਂ ਦੇਸ਼ ਹੀ ਨਹੀਂ, ਦੁਨੀਆ ਨੂੰ ਵੀ ਇਸ ਦਾ ਫਾਇਦਾ ਮਿਲ ਸਕਦਾ ਹੈ। ਕੋਰੋਨਾ ਮਹਾਮਾਰੀ 'ਚ ਵੀ ਦੋਵੇਂ ਹੀ ਦੇਸ਼ਾਂ ਨੇ ਵੈਕਸੀਨ ਨੂੰ ਵਿਕਸਤ ਕੀਤਾ ਤੇ ਹੁਣ ਵਿਆਪਕ ਪੱਧਰ 'ਤੇ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਸੰਧੂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਰੋਕਣ ਲਈ ਭਾਰਤ ਨੇ ਆਪਣੇ ਦੇਸ਼ 'ਚ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਹੈ। ਇਹ ਹੀ ਨਹੀਂ, ਉਸ ਨੇ ਆਪਣੇ ਦੋਸਤ ਤੇ ਗੁਆਂਢੀ ਦੇਸ਼ਾਂ ਨੂੰ ਵੀ ਕੋਰੋਨਾ ਦੀ ਵੈਕਸੀਨ ਮੁਫਤ ਮੁਹੱਈਆ ਕਰਵਾਈ ਹੈ। ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਚੁੱਕੇ ਹਨ ਕਿ ਭਾਰਤ ਦੀ ਤਾਕਤ ਦੁਨੀਆ ਦੀ ਸਭ ਤੋਂ ਵੱਡੀ ਫਾਰਮੇਸੀ ਵਜੋਂ ਜਾਣੀ ਜਾਂਦੀ ਹੈ ਤੇ ਇਹ ਪੂਰੀ ਦੁਨੀਆ ਨੂੰ ਸੁਰੱਖਿਅਤ ਤੇ ਸਿਹਤਮੰਦ ਬਣਾਉਣ ਲਈ ਕੰਮ ਕਰ ਰਹੀ ਹੈ।