ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਨੇ ਭਾਰਤ-ਅਮਰੀਕਾ ਵਿਚਕਾਰ ਮਜ਼ਬੂਤ ਸਹਿਯੋਗ ਦੀ ਲੋੜ ਨੂੰ ਦਰਸਾਇਆ ਹੈ। ਸਿਹਤ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਦਾ ਜ਼ਿਕਰ ਕਰਦੇ ਹੋਏ ਸੀਨੀਅਰ ਡਿਪਲੋਮੈਟ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਖੋਜ ਸੰਸਥਾਨ ਪੁਰਾਣੇ ਅਤੇ ਇਨਫੈਕਸ਼ਨ ਨਾਲ ਸਬੰਧਤ ਰੋਗਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਇਲਾਜ ਅਤੇ ਹੱਲ ਦੇ ਖੇਤਰ ਵਿਚ ਕੰਮ ਕਰ ਰਹੇ ਹਨ।

ਉੱਘੇ ਭਾਰਤੀ-ਅਮਰੀਕੀ ਵਿਗਿਆਨਕਾਂ ਨਾਲ ਵੀਰਵਾਰ ਨੂੰ ਹੋਈ ਆਨਲਾਈਨ ਗੱਲਬਾਤ ਵਿਚ ਸੰਧੂ ਨੇ ਕਿਹਾ ਕਿ ਕੋਰੋਨਾ ਨੇ ਸਾਨੂੰ ਪਹਿਲੇ ਤੋਂ ਕਿਤੇ ਜ਼ਿਆਦਾ ਸਹਿਯੋਗ ਦੀ ਲੋੜ ਮਹਿਸੂਸ ਕਰਵਾਈ ਹੈ। ਸਾਡੇ ਪ੍ਰਧਾਨ ਮੰਤਰੀ ਨੇ ਚੁਣੌਤੀਆਂ ਨਾਲ ਨਿਪਟਣ ਲਈ ਵਿਸ਼ਵ ਪੱਧਰ 'ਤੇ ਤਾਲਮੇਲ ਵਧਾਉਣ 'ਤੇ ਜ਼ੋਰ ਦਿੱਤਾ ਹੈ ਜਦਕਿ ਅਸੀਂ ਇਸ ਸੰਕਟ ਦਾ ਸਾਹਮਣਾ ਕਰਨ ਲਈ ਘਰੇਲੂ ਸਮਰੱਥਾਵਾਂ ਨੂੰ ਵੀ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਟੀਬੀ, ਕੈਂਸਰ, ਐੱਚਆਈਵੀ ਅਤੇ ਅੱਖਾਂ ਦੇ ਰੋਗ ਵਰਗੀਆਂ ਬਿਮਾਰੀਆਂ ਨਾਲ ਨਿਪਟਣ ਅਤੇ ਵਾਤਾਵਰਣੀ ਖੋਜ ਵਿਚ ਮਿਲ ਕੇ ਕੰਮ ਕੀਤਾ ਹੈ। ਵਿਕਾਸ ਦੇ ਸਾਡੇ ਸਹਿਯੋਗ ਦਾ ਹਾਲੀਆ ਸਫਲ ਉਦਾਹਰਣ ਰੋਟਾ ਵਾਇਰਸ ਖ਼ਿਲਾਫ਼ ਵਿਕਸਿਤ ਕੀਤਾ ਗਿਆ ਟੀਕਾ ਰੋਟੋਵੈਕ ਹੈ। ਇਸੇ ਤਰ੍ਹਾਂ ਦੇ ਸਹਿਯੋਗ ਕੋਰੋਨਾ ਖ਼ਿਲਾਫ਼ ਜੰਗ ਵਿਚ ਅਹਿਮ ਹੋਣਗੇ। ਭਾਰਤ ਵਿਚ ਵਰਤਮਾਨ ਵਿਚ ਐੱਨਆਈਐੱਚ ਦੇ ਵਿੱਤ ਪੌਸ਼ਣ ਨਾਲ ਕਰੀਬ 200 ਪ੍ਰਰਾਜੈਕਟ ਚੱਲ ਰਹੇ ਹਨ ਜਿਨ੍ਹਾਂ ਵਿਚ ਐੱਨਆਈਐੱਚ ਦੇ 20 ਸੰਸਥਾਨ ਅਤੇ ਭਾਰਤ ਦੇ ਕਈ ਪ੍ਰਮੁੱਖ ਸੰਸਥਾਨ ਸ਼ਾਮਲ ਹਨ।

ਸੈਨੇਟਰ ਨੇ ਭਾਰਤ ਨਾਲ ਫ਼ੌਜੀ ਸਬੰਧ ਵਧਾਉਣ ਲਈ ਕਿਹਾ

ਇਕ ਚੋਟੀ ਦੇ ਅਮਰੀਕੀ ਸੈਨੇਟਰ ਨੇ 18 ਸੂਤਰੀ ਇਕ ਮਸੌਦਾ ਪੇਸ਼ ਕੀਤਾ ਹੈ। ਇਸ ਵਿਚ ਭਾਰਤ ਨਾਲ ਫ਼ੌਜੀ ਸਬੰਧਾਂ ਨੂੰ ਵਧਾਉਣ ਦੇ ਨਾਲ ਹੀ ਕੋਰੋਨਾ ਨੂੰ ਲੈ ਕੇ ਚੀਨ ਵੱਲੋਂ ਬੋਲੇ ਗਏ ਝੂਠ ਲਈ ਉਸ ਨੂੰ ਜਵਾਬਦੇਹ ਠਹਿਰਾਉਣਾ ਸ਼ਾਮਲ ਹੈ। ਸੈਨੇਟਰ ਵੱਲੋਂ ਦਿੱਤੇ ਗਏ ਮਹੱਤਵਪੂਰਣ ਸੁਝਾਵਾਂ ਵਿਚ ਚੀਨ ਤੋਂ ਮੈਨੂਫੈਕਚਰਿੰਗ ਯੂਨਿਟਾਂ ਨੂੰ ਹਟਾਉਣ ਦੇ ਨਾਲ ਹੀ ਭਾਰਤ, ਵੀਅਤਨਾਮ ਅਤੇ ਤਾਇਵਾਨ ਨਾਲ ਫ਼ੌਜੀ ਸਬੰਧਾਂ ਨੂੰ ਵਧਾਉਣਾ ਸ਼ਾਮਲ ਹੈ। ਸੈਨੇਟਰ ਥਾਮ ਟਿਲਿਸ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਸਰਕਾਰ ਵੱਲੋਂ ਕੋਰੋਨਾ ਦੇ ਬਾਰੇ ਵਿਚ ਲੁਕਾਈ ਗਈ ਜਾਣਕਾਰੀ ਨਾਲ ਹਜ਼ਾਰਾਂ ਅਮਰੀਕੀਆਂ ਨੂੰ ਜਾਨ ਗੁਆਉਣੀ ਪਈ ਹੈ। ਇਹ ਉਹੀ ਲੀਡਰਸ਼ਿਪ ਹੈ ਜੋ ਆਪਣੇ ਹੀ ਨਾਗਰਿਕਾਂ ਨੂੰ ਹਿਰਾਸਤੀ ਕੈਂਪਾਂ ਵਿਚ ਬੰਦ ਕਰ ਦਿੰਦਾ ਹੈ, ਅਮਰੀਕਾ ਦੀ ਤਕਨੀਕ ਅਤੇ ਨੌਕਰੀਆਂ ਚੋਰੀ ਕਰਦਾ ਹੈ ਅਤੇ ਸਾਡੇ ਸਹਿਯੋਗੀਆਂ ਦੀ ਪ੍ਰਭੂਸੱਤਾ ਨੂੰ ਧਮਕੀ ਦਿੰਦਾ ਹੈ। ਇਹ ਅਮਰੀਕਾ ਅਤੇ ਸਮੁੱਚੇ ਵਿਸ਼ਵ ਲਈ ਇਕ ਤਰ੍ਹਾਂ ਦੀ ਚਿਤਾਵਨੀ ਹੈ। ਮੇਰਾ ਸੁਝਾਅ ਹੈ ਕਿ ਕੋਰੋਨਾ ਨੂੰ ਲੈ ਕੇ ਬੋਲੇ ਗਏ ਝੂਠ ਲਈ ਚੀਨ ਨੂੰ ਜਵਾਬਦੇਹ ਠਹਿਰਾਇਆ ਜਾਵੇ ਅਤੇ ਅਮਰੀਕਾ ਦੀ ਅਰਥ-ਵਿਵਸਥਾ, ਸਿਹਤ ਸੇਵਾ ਅਤੇ ਕੌਮੀ ਸੁਰੱਖਿਆ ਦੀ ਰੱਖਿਆ ਕੀਤੀ ਜਾਵੇ।

ਚੀਨ 11ਵੇਂ ਪੰਚੇਨ ਲਾਮਾ ਨੂੰ ਰਿਹਾਅ ਕਰੇ : ਅਮਰੀਕਾ

ਅਮਰੀਕਾ ਨੇ ਚੀਨ ਨੂੰ ਅਪੀਲ ਕੀਤੀ ਹੈ ਕਿ ਉਹ ਤਿੱਬਤੀ ਬੁੱਧ ਧਰਮ ਗੁਰੂ 11ਵੇਂ ਪੰਚੇਨ ਲਾਮਾ ਨੂੰ ਰਿਹਾਅ ਕਰੇ। ਦੱਸਣਯੋਗ ਹੈ ਕਿ ਪੰਚੇਨ ਲਾਮਾ ਜਦੋਂ ਛੇ ਸਾਲਾਂ ਦੇ ਸਨ ਤਦ ਚੀਨ ਨੇ ਉਨ੍ਹਾਂ ਨੂੰ ਕੈਦ ਕਰ ਲਿਆ ਸੀ। ਤਿੱਬਤ ਦੇ ਗੇਝੁਨ ਚੋਏਕਯੀ ਨਯੀਮਾ ਨੂੰ 1995 'ਚ 11ਵਾਂ ਪੰਚੇਨ ਲਾਮਾ ਐਲਾਨਿਆ ਗਿਆ ਸੀ। ਤਿੱਬਤ 'ਚ ਦਲਾਈ ਲਾਮਾ ਪਿੱਛੋਂ ਪੰਚੇਨ ਲਾਮਾ ਬੁੱਧ ਧਰਮ ਨਾਲ ਜੁੜਿਆ ਦੂਜਾ ਸਭ ਤੋਂ ਵੱਡਾ ਅਧਿਆਤਮਿਕ ਅਹੁਦਾ ਹੈ। ਇਸ ਐਲਾਨ ਦੇ ਕੁਝ ਦਿਨ ਪਿੱਛੋਂ ਹੀ ਨਯੀਮਾ ਲਾਪਤਾ ਹੋ ਗਏ ਸਨ ਅਤੇ ਉਹ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਰਾਜਨੀਤਕ ਕੈਦੀ ਬਣ ਗਏ ਸਨ। ਧਾਰਮਿਕ ਆਜ਼ਾਦੀ 'ਤੇ ਨਜ਼ਰ ਰੱਖਣ ਵਾਲੇ ਅਮਰੀਕੀ ਕਮਿਸ਼ਨ ਦੇ ਵਿਸ਼ੇਸ਼ ਦੂਤ ਸੈਮ ਬਰਾਊਨਬੈਕ ਨੇ ਵੀਰਵਾਰ ਨੂੰ ਕਿਹਾ, 'ਉਹ ਕਿੱਥੇ ਹਨ, ਇਸ ਬਾਰੇ ਵਿਚ ਸਾਨੂੰ ਕੋਈ ਜਾਣਕਾਰੀ ਨਹਂੀਂ ਹੈ। ਅਸੀਂ ਪੰਚੇਨ ਲਾਮਾ ਨੂੰ ਰਿਹਾਅ ਕਰਵਾਉਣ ਦਾ ਦਬਾਅ ਚੀਨ ਦੇ ਅਧਿਕਾਰੀਆਂ 'ਤੇ ਪਾਉਂਦੇ ਰਹਾਂਗੇ। ਦੁਨੀਆ ਨੂੰ ਦੱਸਿਆ ਜਾਵੇ ਕਿ ਉਹ ਕਿੱਥੇ ਹਨ?' ਬਰਾਊਨਬੈਕ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਚੀਨ ਅਗਲਾ ਦਲਾਈ ਲਾਮਾ ਨਿਯੁਕਤ ਕਰਨ ਦੇ ਅਧਿਕਾਰ ਦੇ ਬਾਰੇ ਵਿਚ ਲਗਾਤਾਰ ਗੱਲ ਕਰਦਾ ਰਹਿੰਦਾ ਹੈ ਜਦਕਿ ਉਸ ਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ।

ਐੱਚ-1ਬੀ ਵੀਜ਼ਾ ਧਾਰਕ ਡਾਕਟਰਾਂ ਨੂੰ ਸਲਾਹ ਦੇਣ ਦੀ ਇਜਾਜ਼ਤ

ਅਮਰੀਕਾ ਨੇ ਸਿਹਤ ਪੇਸ਼ੇਵਰਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਐੱਚ-1ਬੀ ਵੀਜ਼ਾ ਧਾਰਕ ਡਾਕਟਰਾਂ ਨੂੰ ਟੈਲੀਮੈਡੀਸਨ ਨਾਲ ਸਲਾਹ ਦੇਣ ਅਤੇ ਸਥਾਨਕ ਹਸਪਤਾਲਾਂ ਵਿਚ ਮਦਦ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਮਰੀਕੀ ਨਾਗਰਿਕਤਾ ਅਤੇ ਅਪਰਵਾਸੀ ਸੇਵਾ (ਯੂਐੱਸਸੀਆਈਐੱਸ) ਨੇ ਕੋਰੋਨਾ ਦੌਰਾਨ ਡਾਕਟਰੀ ਸੇਵਾਵਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਇਸ ਸਬੰਧ ਵਿਚ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।