ਵਾਸ਼ਿੰਗਟਨ : ਅਮਰੀਕਾ ਨੇ ਅੱਤਵਾਦ ਵਿਰੁੱਧ ਭਾਰਤ ਨੂੰ ਮੁੜ ਸਮਰਥਨ ਦਿੱਤਾ ਹੈ। ਨਾਲ ਹੀ ਦੋਵਾਂ ਦੇਸ਼ਾਂ ਨੇ ਪਾਕਿਸਤਾਨ ਨੂੰ ਆਪਣੀ ਧਰਤੀ ਨੂੰ ਸਰਹੱਦ ਪਾਰ ਦੇ ਅੱਤਵਾਦੀ ਹਮਲਿਆਂ ਲਈ ਸੁਰੱਖਿਅਤ ਪਨਾਹਗਾਹ ਨਾ ਬਣਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੂੰ ਅੱਤਵਾਦੀ ਜਮਾਤਾਂ ਵਿਰੁੱਧ ਅਸਲ ਤੇ ਠੋਸ ਕਾਰਵਾਈ ਕਰਨ ਲਈ ਕਿਹਾ ਹੈ।

ਬੀਤੇ ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਹਨ ਬੋਲਟਨ ਨੇ ਵਿਦੇਸ਼ ਸਕੱਤਰ ਵਿਜੈ ਗੋਖਲੇ ਨਾਲ ਮੁਲਾਕਾਤ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਇਸ ਮੁੱਦੇ 'ਤੇ ਪੂਰਾ ਸਮਰਥਨ ਦਿੱਤਾ ਹੈ। ਬੋਲਟਨ ਨੇ ਇਕ ਟਵੀਟ ਕਰਕੇ ਕਿਹਾ ਕਿ ਅਮਰੀਕਾ-ਭਾਰਤ ਦੀ ਰਣਨੀਤਕ ਭਾਈਵਾਲੀ ਦੀ ਪ੍ਰਗਤੀ 'ਤੇ ਭਾਰਤ ਦੇ ਵਿਦੇਸ਼ ਸਕੱਤਰ ਗੋਖਲੇ ਨਾਲ ਮੁਲਾਕਾਤ ਹੋਈ। ਅਸੀਂ ਭਾਰਤ-ਪ੍ਰਸ਼ਾਂਤ ਖੇਤਰ ਲਈ ਵੀ ਆਪਣੇ ਵਿਚਾਰ ਸਾਂਝੇ ਕੀਤੇ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਅੱਤਵਾਦ ਵਿਰੁੱਧ ਲੜਾਈ 'ਚ ਅਮਰੀਕਾ ਭਾਰਤ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੈ।

ਜ਼ਿਕਰਯੋਗ ਹੈ ਕਿ ਲੰਘੀ 14 ਫਰਵਰੀ ਨੂੰ ਪੁਲਵਾਮਾ 'ਚ ਪਾਕਿਸਤਾਨੀ ਅੱਤਵਾਦੀ ਜਮਾਤ ਜੈਸ਼-ਏ-ਮੁਹੰਮਦ ਦੇ ਹਮਲੇ 'ਚ 40 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਤੇ ਅਮਰੀਕਾ ਦੇ ਸਬੰਧਾਂ 'ਚ ਬੋਲਟਨ ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਭਾਰਤ ਦੇ ਵੱਡੇ ਸਮਰਥਕ ਬਣ ਕੇ ਉਭਰੇ ਹਨ। ਭਾਰਤੀ ਦੂਤਘਰ ਨੇ ਇਸ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਖਲੇ ਤੇ ਬੋਲਟਨ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕਿਆਂ 'ਚ ਚੱਲ ਰਹੇ ਅੱਤਵਾਦੀ ਜਮਾਤਾਂ ਦੇ ਟਿਕਾਣਿਆਂ ਵਿਰੁੱਧ ਅਸਲ ਤੇ ਠੋਸ ਕਦਮ ਚੁੱਕਣ ਦੀ ਲੋੜ 'ਤੇ ਜ਼ੋਰ ਦਿੱਤਾ। ਨਾਲ ਹੀ ਭਾਰਤ 'ਤੇ ਹਮਲਾ ਕਰਨ ਵਾਲੀਆਂ ਪਾਕਿਸਤਾਨੀ ਅੱਤਵਾਦੀ ਜਮਾਤਾਂ ਨੂੰ ਸੁਰੱਖਿਅਤ ਪਨਾਹ ਦੇਣਾ ਬੰਦ ਕਰਨ ਦੀ ਚਿਤਾਵਨੀ ਵੀ ਪਾਕਿਸਤਾਨ ਨੂੰ ਦਿੱਤੀ ਗਈ ਹੈ।

ਅਮਰੀਕਾ ਨੇ ਭਾਰਤ ਪ੍ਰਤੀ ਇਹ ਸਮਰਥਨ ਉਦੋਂ ਪ੍ਰਗਟਾਇਆ ਹੈ ਜਦੋਂ ਚੀਨ ਨੇ ਲਗਾਤਾਰ ਚੌਥੀ ਵਾਰ ਪਾਕਿਸਤਾਨੀ ਅੱਤਵਾਦੀ ਜਮਾਤ ਜੈਸ਼-ਏ-ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਨੂੰ ਆਲਮੀ ਅੱਤਵਾਦੀ ਐਲਾਨਣ ਵਿਰੁੱਧ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ 'ਚ ਵੀਟੋ ਦੀ ਵਰਤੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਬੋਲਟਨ ਨੇ ਪੁਲਵਾਮਾ ਹਮਲੇ ਦੇ ਅਗਲੇ ਦਿਨ ਹੀ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨਾਲ ਗੱਲਬਾਤ ਕਰਕੇ ਆਪਣੇ ਬਚਾਅ 'ਚ ਪਾਕਿਸਤਾਨ ਵਿਰੁੱਧ ਕਾਰਵਾਈ ਕਰਨ ਲਈ ਆਪਣਾ ਸਮਰਥਨ ਦਿੱਤਾ ਸੀ। ਇਸ ਤੋਂ ਬਾਅਦ ਲੰਘੀ 26 ਜਨਵਰੀ ਨੂੰ ਭਾਰਤ ਨੇ ਪਾਕਿਸਤਾਨ 'ਚ ਵੜ ਕੇ ਜੈਸ਼ ਦੇ ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਸਨ।