ਵਾਸ਼ਿੰਗਟਨ (ਪੀਟੀਆਈ) : ਵਿਸ਼ਵ ਬੈਂਕ ਦੇ ਪ੍ਰਰੈਜ਼ੀਡੈਂਟ ਡੇਵਿਡ ਮਾਲਪਾਸ ਨੇ ਕਿਹਾ ਹੈ ਕਿ ਵਿਸ਼ਵ ਵਿਕਾਸ ਜ਼ਿਆਦਾ ਤੇਜ਼ੀ ਨਾਲ ਹੋਵੇਗਾ ਤੇ ਇਸ ਦੀ ਅਗਵਾਈ ਭਾਰਤ, ਅਮਰੀਕਾ ਤੇ ਚੀਨ ਕਰਨਗੇ। ਉਨ੍ਹਾਂ ਨੇ ਕੋਰੋਨਾ ਕਾਰਨ ਵਧਦੀ ਗ਼ੈਰ-ਬਰਾਬਰੀ 'ਤੇ ਚਿੰਤਾ ਵੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕੁਝ ਦੇਸ਼ਾਂ 'ਚ ਟੀਕਾਕਰਨ ਤੇ ਅੌਸਤ ਆਮਦਨ ਨੂੰ ਲੈ ਕੇ ਵਧਦੀ ਗ਼ੈਰ-ਬਰਾਬਰੀ ਚਿੰਤਾ ਦੀ ਗੱਲ ਹੈ। ਉਨ੍ਹਾਂ ਕਿਹਾ, 'ਵਧਦੀ ਗ਼ੈਰ-ਬਰਾਬਰੀ ਨੂੰ ਲੈ ਕੇ ਚਿੰਤਾਵਾਂ ਸੁਭਾਵਿਕ ਹਨ। ਟੀਕਾਕਰਨ ਤੇ ਔਸਤ ਆਮਦਨ 'ਚ ਗ਼ੈਰ-ਬਰਾਬਰੀ ਦਾ ਦਾਇਰਾ ਕੁਝ ਹੋਰ ਦੇਸ਼ਾਂ ਤਕ ਵੱਧ ਸਕਦਾ ਹੈ। ਵਿਆਜ ਦਰਾਂ 'ਚ ਫਰਕ ਕਾਰਨ ਗ਼ਰੀਬ ਦੇਸ਼ਾਂ ਨੂੰ ਜ਼ਿਆਦਾ ਵਿਆਜ ਦੇਣਾ ਪੈ ਰਿਹਾ ਹੈ। ਇਨ੍ਹਾਂ ਦੇਸ਼ਾਂ 'ਚ ਵਿਆਜ ਦਰਾਂ 'ਚ ਓਨੀ ਤੇਜ਼ੀ ਨਾਲ ਕਮੀ ਨਹੀਂ ਆਈ, ਜਿੰਨੀ ਵਿਸ਼ਵ ਪੱਧਰ 'ਤੇ ਹੋਈ ਹੈ।' ਮਾਲਪਾਸ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ਦੀ ਸ਼ੁਰੂਆਤ 'ਚ ਮੀਡੀਆ ਨੂੰ ਕਿਹਾ, 'ਚੰਗੀ ਖ਼ਬਰ ਇਹ ਹੈ ਕਿ ਭਾਰਤ, ਅਮਰੀਕਾ ਤੇ ਚੀਨ ਦੀ ਅਗਵਾਈ 'ਚ ਵਿਸ਼ਵ ਵਿਕਾਸ ਤੇਜ਼ੀ ਫੜ ਰਿਹਾ ਹੈ। ਵਰਚੁਅਲ ਤੌਰ 'ਤੇ ਹੋਣ ਵਾਲੀ ਇਸ ਸਾਲਾਨਾ ਬੈਠਕ 'ਚ ਵੈਕਸੀਨ, ਪੌਣ-ਪਾਣੀ ਬਦਲਾਅ, ਕਰਜ਼ਾ ਤੇ ਸੁਧਾਰ ਵਰਗੇ ਮੁੱਦਿਆਂ 'ਤੇ ਵਿਚਾਰ ਕੀਤਾ ਜਾਵੇਗਾ। ਮਾਲਪਾਸ ਨੇ ਕਿਹਾ ਕਿ ਦੀਵਾਲੀਆ ਪ੍ਰਕਿਰਿਆ 'ਚ ਗ਼ੈਰ-ਬਰਾਬਰੀ ਕਾਰਨ ਗ਼ਰੀਬ ਦੇਸ਼ ਭਾਰੀ ਕਰਜ਼ੇ ਦੇ ਬੋਝ ਨਾਲ ਜੂਝ ਰਹੇ ਹਨ ਤੇ ਉਨ੍ਹਾਂ ਕੋਲ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਨਹੀਂ ਹੈ।