ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਸਿਖਰਲੇ ਸਿਹਤ ਮਾਹਿਰ ਤੇ ਰਾਸ਼ਟਰਪਤੀ ਜੋ ਬਾਇਡਨ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਐਂਥਨੀ ਫਾਸੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਕੋਰੋਨਾ ਮਹਾਮਾਰੀ ਦੇ ਇਸ ਡੂੰਘੇ ਸੰਕਟ 'ਚ ਇਸ ਲਈ ਫਸਿਆ ਹੈ, ਕਿਉਂਕਿ ਉਸ ਨੇ ਮਹਾਮਾਰੀ ਦੇ ਖ਼ਤਮ ਹੋਣ ਦਾ ਗ਼ਲਤ ਅੰਦਾਜ਼ਾ ਲਗਾਉਂਦਿਆਂ ਸਮੇਂ ਤੋਂ ਪਹਿਲਾਂ ਹੀ ਪਾਬੰਦੀਆਂ 'ਚ ਢਿੱਲ ਦੇ ਦਿੱਤੀ।

ਕੋਵਿਡ-19 ਰਿਸਪਾਂਸ 'ਤੇ ਸੁਣਵਾਈ ਦੌਰਾਨ ਡਾ. ਫਾਸੀ ਨੇ ਸੰਸਦ ਦੀ ਸਿਹਤ, ਸਿੱਖਿਆ, ਕਿਰਤ ਤੇ ਪੈਨਸ਼ਨ ਕਮੇਟੀ ਨੂੰ ਕਿਹਾ, 'ਭਾਰਤ ਦੇ ਮੌਜੂਦਾ ਗੰਭੀਰ ਹਾਲਾਤ ਦਾ ਕਾਰਨ ਇਹ ਹੈ ਕਿ ਇਥੇ ਮੌਜੂਦਾ 'ਚ ਇਕ ਲਹਿਰ ਸੀ ਤੇ ਉਨ੍ਹਾਂ ਨੇ ਇਹ ਗ਼ਲਤ ਮੁਲਾਂਕਣ ਕੀਤਾ ਕਿ ਇਹ ਖ਼ਤਮ ਹੋ ਚੁੱਕੀ ਹੈ ਤੇ ਫਿਰ ਕੀ ਹੋਇਆ? ਭਾਰਤ ਨੇ ਸਮੇਂ ਤੋਂ ਪਹਿਲਾਂ ਹੀ ਪਾਬੰਦੀਆਂ 'ਚ ਿਢੱਲ ਦਿੱਤੀ। ਇਸ ਸਮੇਂ ਉਥੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ ਤੇ ਅਸੀਂ ਸਭ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ਼ ਹਾਂ ਕਿ ਇਹ ਬੇਹੱਦ ਵਿਨਾਸ਼ਕਾਰੀ ਹੈ।'

ਸੁਣਵਾਈ ਦੀ ਪ੍ਰਧਾਨਗੀ ਕਰ ਰਹੀ ਸੈਨਟਰ ਪੈਟੀ ਮੁਰੇ ਨੇ ਕਿਹਾ ਕਿ ਭਾਰਤ 'ਚ ਵਧਦੇ ਕੋਵਿਡ ਦੇ ਕਹਿਰ ਨਾਲ ਮਚੀ ਤਬਾਹੀ ਇਸ ਗੱਲ ਵੱਲ ਧਿਆਨ ਦਿਵਾਉਂਦੀ ਹੈ ਕਿ ਅਮਰੀਕਾ ਉਦੋਂ ਤਕ ਮਹਾਮਾਰੀ ਨੂੰ ਖ਼ਤਮ ਨਹੀਂ ਕਰ ਸਕਦਾ ਜਦੋਂ ਤਕ ਕਿ ਇਹ ਹਰੇਕ ਜਗ੍ਹਾ ਖ਼ਤਮ ਨਹੀਂ ਹੋਵੇ।

ਭਾਰਤ ਦੀ ਸਥਿਤੀ ਤੋਂ ਸਬਕ ਬਾਰੇ ਮੁਰੇ ਨੇ ਕਿਹਾ, 'ਭਾਰਤ ਦੀ ਗੰਭੀਰ ਸਥਿਤੀ ਇਸ ਮਹਾਮਾਰੀ ਤੇ ਭਵਿੱਖ ਦੇ ਕਹਿਰ ਨਾਲ ਉਚਿਤ ਤਰੀਕੇ ਤੋਂ ਬਚਾਅ ਲਈ ਅਮਰੀਕਾ 'ਚ ਇਕ ਮਜ਼ਬੂਤ ਜਨਤਕ ਸਿਹਤ ਬੁਨਿਆਦੀ ਢਾਂਚੇ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੀ ਹੈ।'