ਸੰਯੁਕਤ ਰਾਸ਼ਟਰ (ਏਜੰਸੀ) : ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਜੰਮੂ ਕਸ਼ਮੀਰ ਦਾ ਮਸਲਾ ਉਠਾਉਣ ਦੇ ਪਾਕਿਸਤਾਨ ਦੇ ਕਦਮ ਨੂੰ ਖ਼ਾਰਜ ਕਰ ਦਿੱਤਾ ਹੈ। ਕਿਹਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਉਸ 'ਤੇ ਪਾਕਿਸਤਾਨ ਜਾਂ ਕਿਸੇ ਹੋਰ ਦੇਸ਼ ਦੀ ਗੱਲ ਨਹੀਂ ਸੁਣੀ ਜਾ ਸਕਦੀ।

ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦਾ ਰਾਜਦੂਤ ਨਿਯੁਕਤ ਹੋਣ ਦੇ ਬਾਅਦ ਮੁਨੀਰ ਅਕਰਮ ਨੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਪਹਿਲੀ ਵਾਰੀ ਹਿੱਸਾ ਲੈਂਦੇ ਹੋਏ ਬੁੱਧਵਾਰ ਨੂੰ ਕਸ਼ਮੀਰ ਦਾ ਮਸਲਾ ਉਠਾਇਆ ਸੀ। ਅਕਰਮ ਨੇ ਕਿਹਾ, ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਨ ਵਾਲੇ ਮਸਲਿਆਂ 'ਤੇ ਧਿਆਨ ਦੇਣ ਤੇ ਉਨ੍ਹਾਂ ਦਾ ਹੱਲ ਕਰਨ ਦੀ ਸੁਰੱਖਿਆ ਪ੍ਰੀਸ਼ਦ ਦੀ ਜ਼ਿੰਮੇਵਾਰੀ ਹੈ। ਪਰ ਜੰਮੂ ਕਸ਼ਮੀਰ 'ਤੇ ਲੰਬੇ ਸਮੇਂ ਤੋਂ ਜੰਮੂ ਕਸ਼ਮੀਰ 'ਤੇ ਕੋਈ ਸਰਗਰਮੀ ਨਾ ਹੋਣ 'ਤੇ ਪਾਕਿਸਤਾਨ ਦੀ ਚਿੰਤਾ ਵਧੀ ਹੈ।

ਅਕਰਮ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਉਪ ਸਥਾਈ ਨੁਮਾਇੰਦੇ ਕੇ ਨਾਗਰਾਜ ਨਾਇਡੂ ਨੇ ਕਿਹਾ ਕਿ ਅਸੀਂ ਪਾਕਿਸਤਾਨ 'ਚ ਬਿਨਾ ਮਤਲਬ ਦੇ ਬਿਆਨ ਨੂੰ ਖਾਰਜ ਕਰਦੇ ਹਾਂ। ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਇਸ ਮਸਲੇ 'ਤੇ ਦੋਵੇਂ ਦੇਸ਼ ਗੱਲਬਾਤ ਕਰਨ ਦਾ ਸਮਝੌਤਾ ਪਹਿਲਾਂ ਹੀ ਕਰ ਚੁੱਕੇ ਹਨ। ਇਸ ਨੂੰ ਅੰਤਰਰਾਸ਼ਟਰੀ ਮੰਚ 'ਤੇ ਉਠਾਉਣ ਦੀ ਕੋਈ ਤੁਕ ਨਹੀਂ ਹੈ। ਜ਼ਿਕਰਯੋਗ ਹੈ ਕਿ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਭਾਰਤ ਸਰਕਾਰ ਦੇ ਕਦਮ ਨਾਲ ਪਾਕਿਸਤਾਨ ਬੌਖਲਾ ਗਿਆ ਹੈ। ਉਹ ਅੰਤਰਰਾਸ਼ਟਰੀ ਮੰਚਾਂ ਤੇ ਹਰ ਪ੍ਰਮੁੱਖ ਦੇਸ਼ ਤੋਂ ਜੰਮੂ ਕਸ਼ਮੀਰ ਮਸਲੇ 'ਤੇ ਆਪਣੇ ਵਿਰੋਧ ਦੀ ਹਮਾਇਤ ਕਰਨ ਦੀ ਮੰਗ ਕਰ ਚੁੱਕਾ ਹੈ। ਪਰ ਉਸਨੂੰ ਕਿਤਿਓਂ ਵੀ ਤਵੱਜੋ ਨਹੀਂ ਮਿਲੀ। ਸੰਯੁਕਤ ਰਾਸ਼ਟਰ ਤੇ ਅਮਰੀਕਾ ਸਮੇਤ ਦੁਨੀਆ ਦੇ ਸਾਰੇ ਪ੍ਰਮੁੱਖ ਦੇਸ਼ਾਂ ਨੇ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ਮਸਲੇ 'ਚ ਭਾਰਤ ਨਾਲ ਹੀ ਗੱਲਬਾਤ ਕਰਨ ਦੀ ਸਲਾਹ ਦਿੱਤੀ। ਭਾਰਤ ਦਾ ਸਾਫ਼ ਕਹਿਣਾ ਹੈ ਕਿ ਜੰਮੂ-ਕਸ਼ਮੀਰ ਉਸ ਦਾ ਅਣਿੱਖੜਵਾਂ ਹਿੱਸਾ ਹੈ। ਪਾਕਿਸਤਾਨ ਸਰਹੱਦ ਪਾਰ ਤੋਂ ਉੱਥੇ ਅੱਤਵਾਦੀ ਭੇਜਣਾ ਬੰਦ ਕਰੇ, ਤਾਂ ਹੀ ਉਸ ਨਾਲ ਗੱਲਬਾਤ ਕੀਤੀ ਜਾਵੇਗੀ।