ਨਿਊਯਾਰਕ (ਪੀਟੀਆਈ) : ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਕਿਹਾ ਹੈ ਕਿ ਇਜ਼ਰਾਈਲ ਅਤੇ ਫਲਸਤੀਨ ਨੂੰ ਸ਼ਾਂਤੀ ਬਣਾਈ ਰੱਖਣ ਲਈ ਇਕ-ਦੂਜੇ ਨਾਲ ਗੱਲਬਾਤ ਦਾ ਰਸਤਾ ਹੀ ਅਪਣਾਉਣਾ ਚਾਹੀਦਾ ਹੈ। ਉਸ ਨਾਲ ਸਾਰੇ ਮੁੱਦਿਆਂ ਦਾ ਹੱਲ ਨਿਕਲੇਗਾ। ਨਾਲ ਹੀ ਦੋਵਾਂ ਨੂੰ ਇਕਤਰਫ਼ਾ ਕਾਰਵਾਈ ਤੋਂ ਬੱਚਣਾ ਚਾਹੀਦਾ ਹੈ।

ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਵਿਚ ਉਪ ਸਥਾਈ ਪ੍ਰਤੀਨਿਧੀ ਕੇ ਨਾਗਰਾਜ ਨਾਇਡੂ ਨੇ ਸ਼ੁੱਕਰਵਾਰ ਨੂੰ ਇਜ਼ਰਾਈਲ ਅਤੇ ਫਲਸਤੀਨ ਨਾਲ ਸਬੰਧਤ ਬੈਠਕ ਵਿਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਮੁੱਦਿਆਂ ਦਾ ਹੱਲ ਅਤੇ ਸ਼ਾਂਤੀ ਦੋ ਪੱਖਾਂ ਵਿਚ ਆਪਸੀ ਗੱਲਬਾਤ ਨਾਲ ਹੀ ਹੋ ਸਕਦੀ ਹੈ। ਇਜ਼ਰਾਈਲ ਅਤੇ ਫਲਸਤੀਨ ਦੀ ਜਨਤਾ ਵੀ ਇਹੀ ਚਾਹੁੰਦੀ ਹੈ। ਇਕਤਰਫ਼ਾ ਕਾਰਵਾਈ ਨਾਲ ਮਾਮਲੇ ਉਲਝਦੇ ਹਨ ਅਤੇ ਮੁੱਦਿਆਂ ਨਾਲ ਧਿਆਨ ਵੰਡਦਾ ਹੈ। ਨਾਇਡੂ ਨੇ ਕਿਹਾ ਕਿ ਭਾਰਤ ਇਸ ਗੱਲ ਦੀ ਪ੍ਰਸ਼ੰਸਾ ਕਰਦਾ ਹੈ ਕਿ ਫਲਸਤੀਨ ਚੋਣ ਵੱਲ ਵੱਧ ਰਿਹਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕਿ ਸਿਹਤ ਢਾਂਚਾ ਠੀਕ ਨਾ ਹੋਣ ਕਾਰਨ ਗਾਜ਼ਾ ਪੱਟੀ ਦੀ ਜਨਤਾ 'ਤੇ ਕੋਰੋਨਾ ਦਾ ਪ੍ਰਭਾਵ ਜ਼ਿਆਦਾ ਹੋ ਰਿਹਾ ਹੈ। ਅਜਿਹੇ ਸਮੇਂ ਗਾਜ਼ਾ ਸਮੇਤ ਫਲਸਤੀਨ ਦੀ ਜਨਤਾ ਨੂੰ ਤੁਰੰਤ ਵੈਕਸੀਨ ਮੁਹੱਈਆ ਕਰਾਉਣੀ ਚਾਹੀਦੀ ਹੈ। ਮਹਾਮਾਰੀ 'ਤੇ ਕਾਬੂ ਪਾਉਣ ਲਈ ਇਹ ਜ਼ਰੂਰੀ ਹੈ ਕਿ ਵੈਕਸੀਨ ਦੀ ਉਪਲੱਬਧਤਾ ਹਰ ਥਾਂ 'ਤੇ ਸਮਾਨ ਹੋਵੇ।