ਦ ਨਿਊਯਾਰਕ ਟਾਈਮਜ਼, ਵਾਸ਼ਿੰਗਟਨ : ਜਿੱਥੇ ਚਾਹ, ਉੱਥੇ ਰਾਹ। ਵਿਗਿਆਨੀਆਂ ਨੇ ਇਸ ਕਹਾਵਤ ਨੂੰ ਸੱਚ ਕਰਦੇ ਹੋਏ ਇਕ ਹੋਰ ਉਦਾਹਰਣ ਪੇਸ਼ ਕੀਤਾ ਹੈ। ਵਿਗਿਆਨੀਆਂ ਨੇ ਪਿਛਲੀ ਸਦੀ 'ਚ ਸਤਹਿ 'ਤੇ ਹੋਏ ਢੇਰਾਂ ਪਰਮਾਣੂ ਪ੍ਰੀਖਣਾਂ ਦੇ ਕਾਰਨ ਪਰੇਸ਼ਾਨੀ ਦਾ ਸਬੱਬ ਬਣੇ ਰੇਡੀਓ ਐਕਟਿਵ ਪ੍ਰਦੂਸ਼ਣ ਨਾਲ ਪੇਂਟਿੰਗਜ਼ ਦੀ ਦੁਨੀਆ 'ਚ ਚੱਲ ਰਹੀ ਜਾਅਲਸਾਜ਼ੀ ਦਾ ਪਤਾ ਲਗਾਉਣ ਦਾ ਤਰੀਕਾ ਈਜਾਦ ਕੀਤਾ ਹੈ।

1963 'ਚ ਪਰਮਾਣੂ ਪ੍ਰੀਖਣਾਂ 'ਤੇ ਅੰਸ਼ਿਕ ਪਾਬੰਦੀ ਨੂੰ ਲੈ ਕੇ ਹੋਏ ਵਿਸ਼ਵ ਸਮਝੌਤੇ ਤੋਂ ਪਹਿਲਾਂ ਦੇ ਦਹਾਕੇ 'ਚ ਦੁਨੀਆ 'ਚ ਬਹੁਤ ਵੱਡੇ ਪੱਧਰ 'ਤੇ ਪਰਮਾਣੂ ਪ੍ਰੀਖਣ ਹੋਏ ਸਨ। ਇਨ੍ਹਾਂ ਪ੍ਰੀਖਣਾਂ ਦੇ ਕਾਰਨ ਵਾਤਾਵਾਰਨ 'ਚ ਰੇਡੀਓ ਐਕਟਿਵ ਪ੍ਰਦੂਸ਼ਣ ਵੱਧ ਗਿਆ ਸੀ। ਹੁਣ ਉਸ ਦੌਰ 'ਚ ਵਧੇ ਹੋਏ ਪ੍ਰਦੂਸ਼ਣ ਨੂੰ ਹੀ ਵਿਗਿਆਨੀਆਂ ਨੇ ਅਸਲੀ-ਨਕਲੀ ਪੇਂਟਿੰਗਜ਼ ਦਾ ਪਤਾ ਲਗਾਉਣ ਦਾ ਜ਼ਰੀਆ ਬਣਾ ਲਿਆ ਹੈ।

ਕੀ ਕਹਿੰਦਾ ਹੈ ਵਿਗਿਆਨ

ਹਰ ਜੀਵ 'ਚ ਇਕ ਨਿਸ਼ਚਿਤ ਅਨੁਪਾਤ 'ਚ ਕਾਰਬਨ ਦੇ ਤਿੰਨ ਤਰ੍ਹਾਂ ਦੇ ਪਰਮਾਣੂ ਸੀ12, ਸੀ13 ਤੇ ਸੀ14 ਪਾਏ ਜਾਂਦੇ ਹਨ। ਇਨ੍ਹਾਂ 'ਚੋਂ ਸੀ12 ਅਤੇ ਸੀ13 ਸਥਿਰ ਰਹਿੰਦੇ ਹਨ ਜਦਕਿ ਸੀ14 ਯਾਨੀ ਕਾਰਬਨ14 ਰੇਡੀਓ ਐਕਟਿਵ ਹੈ। ਜਿਵੇਂ ਹੀ ਜੀਵ ਦੀ ਮੌਤ ਹੁੰਦੀ ਹੈ, ਉਸ ਦੇ ਸਰੀਰ 'ਚੋਂ ਪਰਮਾਣੂ ਘੱਟ ਹੋਣ ਲੱਗਦਾ ਹੈ। ਸੀ14 ਦੇ ਖ਼ਤਮ ਹੋਣ ਦੀ ਇਕ ਨਿਸ਼ਚਿਤ ਰਫ਼ਤਾਰ ਹੈ। ਇਸੇ ਨੂੰ ਆਧਾਰ ਬਣਾ ਕੇ ਕਿਸੇ ਜੀਵਾਸ਼ਮ 'ਚ ਸੀ14 ਦੇ ਅਨੁਪਾਤ ਦਾ ਆਂਕਲਨ ਕਰਦੇ ਹੋਏ ਵਿਗਿਆਨੀ ਇਸ ਸਿੱਟੇ 'ਤੇ ਪਹੁੰਚਦੇ ਹਨ ਕਿ ਉਹ ਜੀਵਾਸ਼ਮ ਲਗਪਗ ਕਿੰਨੇ ਸਾਲ ਜਾਂ ਸਦੀ ਪੁਰਾਣਾ ਹੈ। ਇਸ ਨੂੰ ਕਾਰਬਨ ਡੇਟਿੰਗ ਕਿਹਾ ਜਾਂਦਾ ਹੈ। ਕਾਰਬਨ ਡੇਟਿੰਗ ਦਰੱਖਤਾਂ ਅਤੇ ਸਾਰੇ ਜੀਵਾਂ 'ਤੇ ਕੀਤੀ ਜਾ ਸਕਦੀ ਹੈ।

ਪ੍ਰੀਖਣਾਂ ਨਾਲ ਬਦਲਿਆ ਅਨੁਪਾਤ

ਪਿਛਲੀ ਸਦੀ 'ਚ ਹੋਏ ਪਰਮਾਣੂ ਪ੍ਰੀਖਣਾਂ ਦੇ ਕਾਰਨ ਵਾਤਾਵਰਨ 'ਚ ਕਾਰਬਨ14 ਦਾ ਪੱਧਰ ਵਧਣ ਲੱਗਾ ਸੀ। 1963 'ਚ ਪਰਮਾਣੂ ਪ੍ਰੀਖਣ 'ਤੇ ਅੰਸ਼ਿਕ ਰੋਕ ਦਾ ਸਮਝੌਤਾ ਹੋਣ ਤਕ ਵਾਤਾਵਰਨ 'ਚ ਇਸ ਦਾ ਪੱਧਰ ਲਗਪਗ ਦੁੱਗਣਾ ਹੋ ਗਿਆ ਸੀ। 1963 ਦੇ ਬਾਅਦ ਪੈਦਾ ਹੋਏ ਜਾਂ ਮਰੇ ਹਰ ਜੀਵ 'ਚ ਇਸ ਵਧੇ ਹੋਏ ਪੱਧਰ ਨੂੰ ਦੇਖਿਆ ਜਾ ਸਕਦਾ ਹੈ। ਇਥੋਂ ਤਕ ਕਿ ਕੈਨਵਸ ਬਣਾਉਣ 'ਚ ਇਸਤੇਮਾਲ ਹੋਣ ਵਾਲੀ ਲੱਕੜਾਂ ਅਤੇ ਫਾਈਬਰ 'ਚ ਵੀ ਇਹ ਫਰਕ ਸਪੱਸ਼ਟ ਹੈ। ਖੋਜਕਰਤਾ ਲੌਰਾ ਹੈਂਡਰਿਕ ਨੇ ਕਿਹਾ ਕਿ ਇਸ ਸਰਬ ਉੱਚ ਪੱਧਰ ਨੂੰ ਅਨੋਖੇ ਸਟੈਂਡਰਡ ਵਾਂਗ ਅਪਣਾਇਆ ਜਾ ਸਕਦਾ ਹੈ। ਇਹ ਚੰਗੀ ਚੀਜ਼ ਤਾਂ ਨਹੀਂ ਹੈ ਪਰ ਫਿਲਹਾਲ ਕੁਝ ਚੰਗੇ ਕੰਮਾਂ 'ਚ ਇਸ ਦਾ ਇਸਤੇਮਾਲ ਸੰਭਵ ਹੈ।