ਨਿਊਯਾਰਕ, ਏਜੰਸੀ : ਨਿਊਯਾਰਕ ’ਚ ਬਰੂਕਲਿਨ ਦੇ ਇਕ ਹੋਟਲ ’ਚ ਇਕ ਸਿਆਹਫਾਮ ਨੇ ਇਕ ਸਿੱਖ ਨੌਜਵਾਨ ’ਤੇ ਹਥੌੜੇ ਨਾਲ ਹਮਲਾ ਕਰ ਦਿੱਤਾ ਅਤੇ ਉਹ ਉਸ ’ਤੇ ਚਿਲਾਉਂਦੇ ਹੋਏ ਬੋਲਿਆ, ‘ਮੈਂ ਤੈਨੂੰ ਪਸੰਦ ਨਹੀਂ ਕਰਦਾ ਅਤੇ ਤੇਰੇ ਸਰੀਰ ਦਾ ਰੰਗ ਵੀ ਮੇਰੇ ਸਰੀਰ ਵਰਗਾ ਨਹੀਂ ਹੈ।’ ਘਟਨਾ ਤੋਂ ਬਾਅਦ ਨਿਊਯਾਰਕ ਸਥਿਤ ਇਕ ਵਕਾਲਤ ਸਮੂਹ ਨੇ ਜਾਂਚਕਰਤਾਵਾਂ ਤੋਂ ਇਹ ਪਤਾ ਲਗਾਉਣ ਦੀ ਬੇਨਤੀ ਕੀਤੀ ਹੈ ਕਿ ਕੀ ਇਹ ਹਮਲਾ ਨਸਲੀ ਨਫ਼ਰਤ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ ਹੈ?

‘ਨਿਊਯਾਰਕ ਡੇਲੀ ਨਿਊਜ਼’ ਵੈਬਸਾਈਟ ਦੀ ਇਕ ਖ਼ਬਰ ਅਨੁਸਾਰ ਏਸਟੋਰਿਆ ਦੇ ਰਹਿਣ ਵਾਲੇ ਸੁਮਿਤ ਆਹਲੂਵਾਲੀਆ (32) ਨੇ ਕਿਹਾ ਕਿ ਉਸ ’ਤੇ ਹਮਲਾ ਕਰਨ ਵਾਲਾ ਵਿਅਕਤੀ ਨਸਲੀ ਘਿ੍ਰਣਾ ਨਾਲ ਭਰਿਆ ਹੋਇਆ ਸੀ। 26 ਅਪ੍ਰੈਲ ਨੂੰ ਵੀ ਉਸ ਹਮਲਾਵਰ ਨੇ ਉਸਦੇ ਦਫ਼ਤਰ ਜਾ ਕੇ ਹਮਲਾ ਕੀਤਾ ਸੀ। ਸੁਮਿਤ ਨੇ ਕਿਹਾ ਕਿ ਮੈਂ ਉਸ ਕੋਲ ਜਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ, ਤਾਂ ਉਹ ਉਸ ਵੱਲ ਭੱਜਣ ਲੱਗਾ। ਉਸ ਨੇ ਹਮਲਾਵਰ ਨੂੰ ਕਿਹਾ, ‘ਕੀ ਹੋਇਆ, ਤੂੰ ਤਾਂ ਮੇਰੇ ਭਰਾ ਵਰਗਾ ਹੈ।’ ਮਿਲੀ ਜਾਣਕਾਰੀ ਅਨੁਸਾਰ ਇਸਤੋਂ ਬਾਅਦ ਹਮਲਾਵਰ ਨੇ ਕਿਹਾ, ‘ਮੈਂ ਤੈਨੂੰ ਨਫ਼ਰਤ ਕਰਦਾ ਹਾਂ।’ ਫਿਰ ਉਸਨੇ ਸੁਮਿਤ ਦੇ ਸਿਰ ’ਤੇ ਹਥੌੜੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਉਸ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਨੇ ਸ਼ੱਕੀ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਤਲਾਸ਼ ਵੀ ਕੀਤੀ ਜਾ ਰਹੀ ਹੈ।

Posted By: Ramanjit Kaur