ਇਸਲਾਮਾਬਾਦ (ਏਪੀ) : ਅਮਰੀਕੀ ਸਰਕਾਰ ਦੀ ਇਕ ਏਜੰਸੀ ਨੇ ਅਫ਼ਗਾਨਿਸਤਾਨ ਵਿਚ ਇਮਾਰਤਾਂ ਅਤੇ ਵਾਹਨਾਂ 'ਤੇ ਖ਼ਰਚ ਕੀਤੀ ਗਈ ਰਕਮ 'ਤੇ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਅਮਰੀਕਾ ਨੇ ਜੰਗ ਪ੍ਰਭਾਵਿਤ ਇਸ ਦੇਸ਼ ਵਿਚ ਇਮਾਰਤਾਂ ਅਤੇ ਵਾਹਨਾਂ 'ਤੇ ਅਰਬਾਂ ਡਾਲਰ ਬਰਬਾਦ ਕੀਤੇ ਹਨ। ਜ਼ਿਆਦਾਤਰ ਇਮਾਰਤਾਂ ਅਤੇ ਵਾਹਨ ਤਬਾਹ ਹੋ ਗਏ ਹਨ ਜਾਂ ਬੇਕਾਰ ਪਏ ਹਨ।

ਅਮਰੀਕੀ ਏਜੰਸੀ ਅਨੁਸਾਰ ਸਾਲ 2008 ਤੋਂ ਅਮਰੀਕਾ ਨੇ ਅਫ਼ਗਾਨਿਸਤਾਨ ਵਿਚ ਇਮਾਰਤਾਂ ਅਤੇ ਵਾਹਨਾਂ 'ਤੇ 7.8 ਅਰਬ ਡਾਲਰ (ਕਰੀਬ 57 ਹਜ਼ਾਰ ਕਰੋੜ ਰੁਪਏ) ਖ਼ਰਚ ਕੀਤੇ। ਇਨ੍ਹਾਂ ਖ਼ਰਚਿਆਂ ਦੀ ਸਮੀਖਿਆ ਵਿਚ ਪਤਾ ਲੱਗਾ ਕਿ ਇਸ ਧਨ ਰਾਸ਼ੀ ਵਿੱਚੋਂ ਸਿਰਫ਼ 34.32 ਕਰੋੜ ਡਾਲਰ (ਕਰੀਬ ਢਾਈ ਹਜ਼ਾਰ ਕਰੋੜ ਰੁਪਏ) ਦੀ ਲਾਗਤ ਨਾਲ ਬਣਾਈਆਂ ਇਮਾਰਤਾਂ ਅਤੇ ਵਾਹਨ ਸਹੀ ਅਵੱਸਥਾ ਵਿਚ ਹਨ। ਇਹ ਸਮੀਖਿਆ ਸਪੈਸ਼ਲ ਇੰਸਪੈਕਟਰ ਜਨਰਲ ਫਾਰ ਅਫ਼ਗਾਨਿਸਤਾਨ ਰੀਕੰਸਟਰੱਕਸ਼ਨ ਜਾਂ ਐੱਸਆਈਜੀਏਆਰ ਵੱਲੋਂ ਕੀਤੀ ਗਈ ਹੈ। ਇਹ ਏਜੰਸੀ ਵਿਦੇਸ਼ ਵਿਚ ਲੰਬੇ ਸਮੇਂ ਲਈ ਜੰਗ 'ਤੇ ਅਮਰੀਕੀ ਕਰਦਾਤਾਵਾਂ ਦੀ ਖ਼ਰਚ ਹੋਣ ਵਾਲੀ ਰਕਮ 'ਤੇ ਨਜ਼ਰ ਰੱਖਦੀ ਹੈ। ਰਿਪੋਰਟ ਕਹਿੰਦੀ ਹੈ ਕਿ ਅਫ਼ਗਾਨਿਸਤਾਨ ਵਿਚ ਇਸਤੇਮਾਲ ਦੇ ਇਰਾਦੇ ਨਾਲ ਇਮਾਰਤਾਂ ਅਤੇ ਵਾਹਨਾਂ 'ਤੇ 7.8 ਅਰਬ ਡਾਲਰ ਵਿੱਚੋਂ ਸਿਰਫ਼ 1.2 ਅਰਬ ਡਾਲਰ (ਕਰੀਬ 8,800 ਕਰੋੜ ਰੁਪਏ) ਖ਼ਰਚ ਕੀਤੇ ਗਏ ਸਨ। ਏਜੰਸੀ ਦੇ ਵਿਸ਼ੇਸ਼ ਮਹਾਨਿਰੀਖਕ ਜੋਹਨ ਐੱਫ ਸੋਪਕੋ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਜ਼ਿਆਦਾਤਰ ਇਮਾਰਤਾਂ ਅਤੇ ਵਾਹਨਾਂ ਦੀ ਵਰਤੋਂ ਤਕ ਨਹੀਂ ਹੋਈ। ਉਹ ਤਬਾਹ ਹੋ ਗਏ ਜਾਂ ਬੇਕਾਰ ਪਏ ਹਨ।

Posted By: Ravneet Kaur