ਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਕਿਹਾ ਕਿ ਜੇ ਉਹ ਚੋਣ ਜਿੱਤਦੇ ਹਨ ਤਾਂ ਭਾਰਤ ਨਾਲ ਆਪਣੇ ਦੇਸ਼ ਦੇ ਰਣਨੀਤਕ ਸਬੰਧਾਂ ਨੂੰ ਉੱਚ ਤਰਜੀਹ ਦੇਣਗੇ। ਉਨ੍ਹਾਂ ਭਾਰਤ ਨਾਲ ਅਮਰੀਕਾ ਦੇ ਸਬੰਧਾਂ ਨੂੰ ਸੁਭਾਵਿਕ ਕਰਾਰ ਦਿੱਤਾ। ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੇ ਐੱਚ-1ਬੀ ਵੀਜ਼ੇ 'ਤੇ ਆਰਜ਼ੀ ਰੋਕ ਖਤਮ ਕਰਨ ਦਾ ਵਾਅਦਾ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ 23 ਜੂਨ ਨੂੰ ਐੱਚ-1ਬੀ ਸਮੇਤ ਕਈ ਵਿਦੇਸ਼ੀ ਵਰਕ ਵੀਜ਼ਿਆਂ 'ਤੇ ਆਰਜ਼ੀ ਰੋਕ ਲਾ ਦਿੱਤੀ ਸੀ। ਭਾਰਤੀ ਆਈਟੀ ਪੇਸ਼ੇਵਰਾਂ 'ਚ ਐੱਚ-1ਬੀ ਵੀਜ਼ਾ ਖਾਸ ਤੌਰ 'ਤੇ ਹਰਮਨ ਪਿਆਰਾ ਹੈ।


ਅਮਰੀਕਾ 'ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਣੀ ਹੈ। ਇਸ ਚੋਣ 'ਚ 77 ਸਾਲਾ ਬਿਡੇਨ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣਗੇ। ਉਨ੍ਹਾਂ ਬੁੱਧਵਾਰ ਨੂੰ ਇਕ ਵਰਚੂਅਲ ਪ੍ਰੋਗਰਾਮ 'ਚ ਭਾਰਤ ਤੇ ਅਮਰੀਕਾ ਦੇ ਸਬੰਧਾਂ 'ਤੇ ਪੁੱਛੇ ਗਏ ਇਕ ਸਵਾਲ 'ਤੇ ਕਿਹਾ, 'ਖੇਤਰ 'ਚ ਸਾਡੀ ਸੁਰੱਖਿਆ ਲਈ ਭਾਰਤ ਦਾ ਸਹਿਯੋਗੀ ਰਹਿਣਾ ਜ਼ਰੂਰੀ ਹੈ। ਇਹ ਰਣਨੀਤਕ ਭਾਈਵਾਲੀ ਜ਼ਰੂਰੀ ਤੇ ਸਾਡੀ ਸੁਰੱਖਿਆ ਲਈ ਮਹੱਤਵਪੂਰਨ ਹੈ।' ਉਪ ਰਾਸ਼ਟਰਪਤੀ ਅਹੁਦੇ 'ਤੇ ਆਪਣੇ ਅੱਠ ਸਾਲ ਦੇ ਕਾਰਜਕਾਲ ਦਾ ਜ਼ਿਕਰ ਕਰਦੇ ਹੋਏ ਬਿਡੇਨ ਨੇ ਕਿਹਾ, 'ਮੈਨੂੰ ਮਾਣ ਹੈ ਕਿ ਕਰੀਬ ਇਕ ਦਹਾਕੇ ਪਹਿਲਾਂ ਸਾਡੇ ਪ੍ਰਸ਼ਾਸਨ ਨੇ ਭਾਰਤ-ਅਮਰੀਕਾ ਗ਼ੈਰ-ਫੌਜੀ ਪਰਮਾਣੂ ਸਮਝੌਤੇ ਨੂੰ ਸੰਸਦ ਤੋਂ ਮਨਜ਼ੂਰੀ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।' ਉਨ੍ਹਾਂ ਕਿਹਾ ਕਿ ਆਪਣੇ ਰਿਸ਼ਤਿਆਂ ਦੀ ਬਿਹਤਰ ਪ੍ਰਗਤੀ ਦੇ ਦਰਵਾਜ਼ੇ ਖੋਲ੍ਹਣ ਤੇ ਭਾਰਤ ਨਾਲ ਆਪਣੀ ਰਣਨੀਤਕ ਭਾਈਵਾਲੀ ਮਜ਼ਬੂਤ ਕਰਨਾ ਓਬਾਮਾ-ਬਿਡੇਨ ਪ੍ਰਸ਼ਾਸਨ ਦੀ ਪਹਿਲ 'ਚ ਉੱਪਰ ਸੀ। ਜੇ ਮੈਂ ਰਾਸ਼ਟਰਪਤੀ ਚੁਣਿਆ ਗਿਆ ਤਾਂ ਇਹ ਉੱਚ ਪਹਿਲ 'ਚ ਰਹੇਗਾ।


ਸਰਵੇ 'ਚ ਟਰੰਪ ਤੋਂ ਅੱਗੇ ਬਿਡੇਨ


ਰਾਸ਼ਟਰਪਤੀ ਚੋਣ ਨੂੰ ਲੈ ਕੇ ਕਰਾਏ ਗਏ ਹਾਲੀਆ ਸਰਵੇ 'ਚ ਬਿਡੇਨ ਆਪਣੇ ਵਿਰੋਧੀ ਉਮੀਦਵਾਰ ਟਰੰਪ ਤੋਂ ਅੱਗੇ ਦਿਸ ਰਹੇ ਹਨ। ਦੋਵਾਂ 'ਚ ਫਰਕ ਕਰੀਬ ਦਹਾਈ 'ਚ ਪੁੱਜ ਗਿਆ ਹੈ।

Posted By: Rajnish Kaur