ਵਾਸ਼ਿੰਗਟਨ : ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਦੀ ਮੈਂਬਰ ਮਾਰਥਾ ਮੈਕਸੇਲੀ ਨੇ ਕਿਹਾ ਹੈ ਕਿ ਹਵਾਈ ਫ਼ੌਜ 'ਚ ਨੌਕਰੀ ਦੌਰਾਨ ਉਸ ਨਾਲ ਜਬਰ ਜਨਾਹ ਹੋਇਆ ਸੀ। ਇਸ ਅਪਰਾਧ ਨੂੰ ਉਨ੍ਹਾਂ ਦੇ ਇਕ ਸੀਨੀਅਰ ਅਫ਼ਸਰ ਨੇ ਅੰਜਾਮ ਦਿੱਤਾ ਸੀ। ਐਰੀਜ਼ੋਨਾ ਤੋਂ ਰਿਪਬਲੀਕਨ ਸੈਨੇਟਰ ਮਾਰਥਾ ਜੰਗ ਦੇ ਮੈਦਾਨ 'ਚ ਅਮਰੀਕੀ ਹਵਾਈ ਫ਼ੌਜ ਦਾ ਜੰਗੀ ਜਹਾਜ਼ ਉਡਾਉਣ ਵਾਲੀ ਪਹਿਲੀ ਮਹਿਲਾ ਪਾਇਲਟ ਹੈ। ਉਨ੍ਹਾਂ 26 ਸਾਲ ਅਮਰੀਕੀ ਹਵਾਈ ਫ਼ੌਜ 'ਚ ਨੌਕਰੀ ਕੀਤੀ ਹੈ ।

ਮਾਰਥਾ ਨੇ ਬੁੱਧਵਾਰ ਨੂੰ ਹਥਿਆਰਬੰਦ ਬਲਾਂ ਨਾਲ ਜੁੜੀ ਸੈਨੇਟ ਦੀ ਕਮੇਟੀ ਸਾਹਮਣੇ ਆਪਣੀ ਆਪਬੀਤੀ ਬਿਆਨ ਕੀਤੀ। ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਨੇ ਹਵਾਈ ਫ਼ੌਜ 'ਚ ਰਹਿੰਦੇ ਹੋਏ ਇਸ ਦੀ ਸ਼ਿਕਾਇਤ ਕਿਉਂ ਨਹੀਂ ਕੀਤੀ, ਮਾਰਥਾ ਨੇ ਕਿਹਾ ਕਿ ਸ਼ਰਮਿੰਦਗੀ ਤੇ ਡਰ ਦੀ ਵਜ੍ਹਾ ਨਾਲ ਉਹ ਅਜਿਹਾ ਨਹੀਂ ਕਰ ਸਕੀ। ਉਸ ਸਮੇਂ ਉਹ ਪੂਰੇ ਸਿਸਟਮ ਨਾਲ ਲੜਨ ਦੀ ਹਿੰਮਤ ਨਾ ਕਰ ਸਕੀ। ਪਿਛਲੇ ਕੁਝ ਸਾਲਾਂ 'ਚ ਅਮਰੀਕੀ ਫ਼ੌਜ 'ਚ ਅੌਰਤਾਂ ਖ਼ਿਲਾਫ਼ ਜਿਨਸੀ ਅਪਰਾਧ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। 2010 'ਚ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਮਾਰਥਾ ਬਾਅਦ 'ਚ ਸਿਆਸਤ 'ਚ ਆ ਗਈ। ਉਹ ਦੋ ਵਾਰ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਲਈ ਵੀ ਚੁਣੀ ਜਾ ਚੁੱਕੀ ਹੈ।