ਨਾਸਾਊ: ਕੈਰੇਬੀਆਈ ਦੇਸ਼ ਬਹਾਮਾਸ 'ਚ ਆਏ ਡੋਰੀਅਨ ਤੂਫ਼ਾਨ ਨੇ ਆਪਣੇ ਮਗਰ ਭਿਆਨਕ ਤਬਾਹੀ ਦੇ ਮੰਜਰ ਛੱਡੇ ਹਨ। ਬਹਾਮਾਸ ਦੇ ਪ੍ਰਧਾਨ ਮਤੰਰੀ ਨੇ ਦੱਸਿਆ ਕਿ ਤੂਫ਼ਾਨ 'ਚ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ। ਤੂਫ਼ਾਨ ਵੀਰਵਾਰ ਨੂੰ ਕੈਰੋਲੀਨਾ ਤੱਟ ਨਾਲ ਟਕਰਾਇਆ ਜਿਸ ਕਾਰਨ ਦੱਖਣੀ ਪੂਰਬੀ ਅਮਰੀਕਾ 'ਚ 2,23,000 ਘਰਾਂ ਤੇ ਕੰਪਨੀਆਂ ਦੀ ਬੱਤੀ ਗੁੱਲ ਹੋ ਗਈ। ਸੰਕਟ ਦੇ ਇਸ ਸਮੇਂ 'ਚ ਕਈ ਦੇਸ਼ਾਂ ਨੇ ਤਾਹਤ ਤੇ ਬਚਾਅ ਕਾਰਜਾਂ ਲਈ ਮਦਦ ਦੇ ਹੱਥ ਵਧਾਏ ਹਨ। ਬਰਤਾਨੀਆ ਦੀ ਸਮੁੰਦਰੀ ਫ਼ੌਜ ਤੇ ਅਮਰੀਕਾ ਦੇ ਤੱਟ ਰੱਖਿਅਕ ਬਲਾਂ ਨੇ ਬੁੱਧਵਾਰ ਬਹਾਮਾਸ 'ਚ ਪ੍ਰਭਾਵਿਤ ਇਲਾਕਆਿਂ 'ਚ ਫਸੇ ਲੋਕਾਂ ਨੂੰ ਹੈਲੀਕਾਪਟਰਾਂ ਦੀ ਮਦਦ ਨਾਲ ਕੱਢਿਆ ਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾਈਆਂ।

70 ਹਜ਼ਾਰ ਲੋਕਾਂ ਨੂੰ ਮਦਦ ਦੀ ਜ਼ਰੂਰਤ

ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਗ੍ਰੈਂਡ ਬਹਾਮਾਸ ਤੇ ਅਬੈਕੋ ਟਾਪੂ 'ਤੇ ਤੂਫ਼ਾਨ ਨਾਲ ਪ੍ਰਭਾਵਿਤ ਕਰੀਬ 70 ਹਜ਼ਾਰ ਲੋਕਾਂ ਨੂੰ ਤੁਰੰਤ ਮਦਦ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਦੇ ਆਫ਼ਤ ਰਾਹਤ ਕੁਆਰਡੀਨੇਟਰ ਮਾਰਕ ਲੋਵਚੋਕ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਸ਼ਰਨ, ਸਾਫ਼ ਪਾਣੀ, ਖਾਣਾ ਤੇ ਦਵਾਈ ਦੀ ਤੁਰੰਤ ਜ਼ਰੂਰਤ ਹੈ। ਬਹਾਮਾ ਦੀ ਸਰਕਾਰ ਨੇ ਮ੍ਰਿਤਕਾਂ ਦੀ ਗਿਣਤੀ ਵੱਧ ਜਾਣ ਦਾ ਖ਼ਦਸ਼ਾ ਜਤਾਇਆ ਹੈ।


ਟਰੰਪ ਨੇ ਕੀਤਾ ਮਦਦ ਦਾ ਵਾਅਦਾ

ਵ੍ਹਾਈਟ ਹਾਊਸ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਹਾਮਾਸ ਦੇ ਆਗੂ ਨਾਲ ਫੋਨ 'ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਅਮਰੀਕੀ ਮਦਦ ਦੇਣ ਦਾ ਵਾਅਦਾ ਕੀਤਾ। ਡੇਰੀਅਨ ਤੂਫ਼ਾਨ ਦੌਰਾਨ 250 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ ਤੇ ਤੇਜ਼ ਬਾਰਿਸ਼ ਹੋ ਰਹੀ ਸੀ। ਇਸ ਨਾਲ 13 ਹਜ਼ਾਰ ਤੋਂ ਜ਼ਿਆਦਾ ਘਰ ਤਬਾਹ ਜਾਂ ਨੁਕਸਾਨੇ ਗਏ। ਕਾਰਾਂ ਤੇ ਕਿਸ਼ਤੀਆਂ ਪਲਟ ਗਈਆਂ। ਗ੍ਰੈਂਡ ਬਹਾਮਾ ਦੇ ਸਭ ਤੋਂ ਵੱਡੇ ਏਅਰਪੋਰਟ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕਈ ਜਹਾਜ਼ ਵੀ ਨੁਕਸਾਨੇ ਗਏ ਹਨ।

-

Posted By: Akash Deep