ਸਿਊਡਾਡ ਹੀਡਾਲਗੋ (ਮੈਕਸੀਕੋ) (ਏਪੀ) : ਕੇਂਦਰੀ ਅਮਰੀਕਾ ਦੇ ਸੈਂਕੜੇ ਸ਼ਰਨਾਰਥੀ ਮੈਕਸੀਕੋ ਨੇੜੇ ਦਰਿਆਈ ਖੇਤਰ 'ਚ ਸਥਿਤ ' ਨੋ ਮੈਨਜ਼ ਲੈਂਡ' 'ਚ ਫੱਸ ਗਏ ਹਨ। ਮੈਕਸੀਕੋ ਦੀ ਫ਼ੌਜ ਨੇ ਉਨ੍ਹਾਂ ਦਾ ਰਾਹ ਰੋਕ ਕੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਹੈ।

ਗ਼ਰੀਬ ਪਰਿਵਾਰਾਂ ਨਾਲ ਸਬੰਧਤ ਨੰਗੇ ਬੱਚੇ ਰੇਤ ਨਾਲ ਖੇਡ ਰਹੇ ਹਨ ਤੇ ਉਨ੍ਹਾਂ ਪਰਿਵਾਰਾਂ ਨੇ ਆਪਣੇ ਕੱਪੜੇ ਸੁਚੀਏਟ ਨਦੀ ਕਿਨਾਰੇ ਦਰੱਖਤਾਂ 'ਤੇ ਸੁੱਕਣੇ ਪਾ ਦਿੱਤੇ ਹਨ। ਸਰਹੱਦ ਨਾਲ ਲੱਗਦੇ ਪੁਲ ਨੇੜੇ ਕੁਝ ਲੋਕ ਨਦੀ ਵਿਚੋਂ ਮੱਛੀਆਂ ਫੜ ਕੇ ਅੱਗ ਬਾਲ ਕੇ ਉਨ੍ਹਾਂ ਨੂੰ ਭੁੰਨ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਫਿਕਰ ਨਹੀਂ ਕਿ ਅੱਗੇ ਕੀ ਹੋ ਸਕਦਾ ਹੈ। ਜ਼ਿਆਦਾਤਰ ਲੋਕ ਹੋਂਡੂਰਸ ਤੋਂ ਹਨ ਤੇ ਇਨ੍ਹਾਂ ਨੂੰ ਮੈਕਸੀਕੋ ਦੇ 100 ਦੇ ਕਰੀਬ ਨੈਸ਼ਨਲ ਗਾਰਡਾਂ ਨੇ ਰੋਕ ਕੇ ਰੱਖਿਆ ਹੈ। ਇਨ੍ਹਾਂ ਲੋਕਾਂ 'ਚ ਜ਼ਿਆਦਾਤਰ ਅਰਧ ਨਗਨ ਹਾਲਤ ਵਿਚ ਹਨ ਤੇ ਇਨ੍ਹਾਂ ਨੇ ਛੋਟੇ ਬੱਚੇ ਬਾਹਵਾਂ ਵਿਚ ਚੁੱਕੇ ਹੋਏ ਹਨ। ਜ਼ਿਆਦਾਤਰ ਲੋਕ ਭੁੱਖੇ ਪਿਆਸੇ ਹਨ ਤੇ ਇਨ੍ਹਾਂ ਨੂੰ ਕਿਸੇ ਸਹਾਇਤਾ ਦੀ ਆਸ ਵੀ ਨਹੀਂ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕੇਂਦਰੀ ਅਮਰੀਕਾ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਅਮਰੀਕਾ ਵੱਲ ਨਾ ਵਧਣ ਦੇਵੇ।

ਮੈਕਸੀਕੋ ਦੇ ਗਾਰਡਾਂ ਵੱਲੋਂ ਰੋਕੇ ਜਾਣ 'ਤੇ ਕੁਝ ਲੋਕਾਂ ਨੇ ਉਨ੍ਹਾਂ 'ਤੇ ਪੱਥਰਬਾਜ਼ੀ ਵੀ ਕੀਤੀ ਤੇ ਕੁਝ ਦੂਜੇ ਕੱਚੇ ਰਸਤੇ ਵੱਲ ਵੱਧ ਗਏ। ਮੈਕਸੀਕੋ ਦੀ ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖ਼ਲ ਹੋਣ ਵਾਲੇ ਹਰੇਕ ਸ਼ਰਨਾਰਥੀ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਏ।