ਹਿਊਸਟਨ (ਏਜੰਸੀ) : ਅਮਰੀਕੀ ਸੂਬੇ ਟੈਕਸਾਸ ਦਾ ਸਭ ਤੋਂ ਵੱਡਾ ਸ਼ਹਿਰ ਹਿਊਸਟਨ ਹਾਊਡੀ ਮੋਦੀ ਸ਼ੋਅ (Howdy Modi) ਲਈ ਤਿਆਰ ਹੈ। ਇਸ ਮੈਗਾ ਸ਼ੋਅ 'ਚ ਪੀਐੱਮ ਮੋਦੀ 50 ਹਜ਼ਾਰ ਤੋਂ ਜ਼ਿਆਦਾ ਭਾਰਤੀ ਅਮਰੀਕੀਆਂ ਨੂੰ ਸੰਬੋਧਨ ਕਰਨਗੇ। ਪੀਐੱਮ ਮੋਦੀ ਹਿਊਸਟਨ ਪਹੁੰਚ ਚੁੱਕੇ ਹਨ। ਇਸ ਦੌਰਾਨ ਇਕ ਭਾਰਤੀ ਮੂਲ ਦਾ 16 ਸਾਲ ਦਾ ਬੱਚਾ ਕੌਮੀ ਤਰਾਨਾ ਗਾਏਗਾ। ਅਮਰੀਕਾ ਦੇ ਨਿਊਜਰਸੀ 'ਚ ਰਹਿਣ ਵਾਲੇ ਇਸ ਬੱਚੇ ਦਾ ਨਾਂ ਸਪਰਸ਼ ਸ਼ਾਹ ਹੈ। ਸੰਗੀਤ ਤੇ ਲੇਖਨ ਦਾ ਸ਼ੌਕ ਰੱਖਣ ਵਾਲੇ ਸਪਰਸ਼ ਦੇ ਹੌਸਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ।

ਸਪਰਸ਼ ਜਨਮ ਤੋਂ ਹੀ ਆਸਟੀਓਜੇਨੇਸਿਸ ਇੰਪਰਫੈਕਟਾ ਨਾਂ ਦੀ ਬਿਮਾਰੀ ਨਾਲ ਪੀੜਤ ਹੈ। ਇਸ ਕਾਰਨ ਉਹ ਵ੍ਹੀਲਚੇਅਰ 'ਤੇ ਹੈ। ਉਹ ਜਦੋਂ ਮਾਂ ਦੇ ਪੇਟ 'ਚ ਸੀ, ਉਦੋਂ ਹੀ ਉਸ ਦੀਆਂ 35 ਹੱਡੀਆਂ ਟੁੱਟ ਚੁੱਕੀਆਂ ਸਨ। ਇਸ ਬਿਮਾਰੀ ਕਾਰਨ ਸਪਰਸ਼ ਚੱਲ-ਫਿਰ ਨਹੀਂ ਸਕਦਾ ਪਰ ਉਸ ਨੇ ਹਾਲਾਤ ਨੂੰ ਆਪਣੀ ਰਚਨਾਤਮਕਤਾ ਦੇ ਰਸਤੇ 'ਚ ਅੜਿੱਕਾ ਨਹੀਂ ਬਣਨ ਦਿੱਤਾ ਤੇ ਸੰਗੀਤ ਦੀ ਦੁਨੀਆ 'ਚ ਮਹਿਜ਼ 13 ਸਾਲ ਦੀ ਉਮਰ 'ਚ ਝੰਡਾ ਲਹਿਰਾਇਆ।

ਸਪਰਸ਼ 'ਤੇ ਬਣੀ ਡਾਕਿਊਮੈਂਟਰੀ

ਸ਼ਾਹ, ਇਕ ਰੈਪਰ, ਗਾਇਕ, ਗੀਤਕਾਰ ਤੇ ਪ੍ਰੇਰਨਾਦਾਇਕ ਬੁਲਾਰਾ ਹੈ। ਰਿਪੋਰਟਾਂ ਅਨੁਸਾਰ ਸ਼ਾਹ ਦੇ 100 ਤੋਂ ਜ਼ਿਆਦਾ ਫਰੈਕਚਰ ਹੋਏ ਹਨ। ਮਾਰਚ 2018 'ਚ ਰਿਲੀਜ਼ ਹੋਈ 'ਬ੍ਰੇਟਲ ਬੋਨ ਰੈਪਰ' ਨਾਂ ਦੀ ਇਕ ਡਾਕਿਊਮੈਂਟਰੀ 'ਚ ਸਪਰਸ਼ ਦੀ ਜੀਵਨ ਯਾਤਰਾ ਤੇ ਉਸ ਦੀ ਬਿਮਾਰੀ ਨਾਲ ਲੜਨ ਦੀ ਤਾਕਤ 'ਤੇ ਕੇਂਦ੍ਰਿਤ ਹੈ।

Posted By: Seema Anand