ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੀ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਦੇਸ਼ ਦੇ ਅਗਲੇ ਰਾਸ਼ਟਰਪਤੀ ਜੋਅ ਬਾਇਡਨ ਦਾ ਪੂਰੀ ਦੁਨੀਆ ਸਨਮਾਨ ਕਰੇਗੀ। ਉਹ ਅਮਰੀਕਾ ਦਾ ਸਰਬੋਤਮ ਪ੍ਰਤੀਨਿਧਤਵ ਕਰਨ ਵਾਲੇ ਰਾਸ਼ਟਰਪਤੀ ਬਣਨਗੇ। ਅਮਰੀਕਾ ਵਿਚ 3 ਨਵੰਬਰ ਨੂੰ ਹੋਈ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਜੋਅ ਬਾਇਡਨ ਰਾਸ਼ਟਰਪਤੀ ਚੁਣੇ ਗਏ ਜਦਕਿ ਹੈਰਿਸ ਉਪ ਰਾਸ਼ਟਰਪਤੀ ਅਹੁਦੇ ਲਈ ਚੁਣੀ ਗਈ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤਵੰਸ਼ੀ ਹੈ।

78 ਸਾਲਾਂ ਦੇ ਬਾਇਡਨ ਦੀ ਪ੍ਰਸ਼ੰਸਾ ਕਰਦੇ ਹੋਏ ਹੈਰਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸਾਰੇ ਅਮਰੀਕੀਆਂ ਦੇ ਰਾਸ਼ਟਰਪਤੀ ਹੋਣਗੇ। ਭਾਰਤੀ ਮੂਲ ਦੀ 56 ਸਾਲਾਂ ਦੀ ਹੈਰਿਸ ਨੇ ਇਕ ਟਵੀਟ ਵਿਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਉਹ ਅਜਿਹੇ ਰਾਸ਼ਟਰਪਤੀ ਹੋਣਗੇ ਜੋ ਸਾਡੇ ਸਾਰਿਆਂ ਤੋਂ ਸਰਬੋਤਮ ਹਨ। ਉਨ੍ਹਾਂ ਦਾ ਸਨਮਾਨ ਪੂਰੀ ਦੁਨੀਆ ਕਰੇਗੀ। ਸਾਡੇ ਬੱਚੇ ਉਨ੍ਹਾਂ ਤੋਂ ਪ੍ਰਰੇਰਣਾ ਲੈਣਗੇ। ਇਸ ਦੌਰਾਨ ਬਾਇਡਨ ਨੇ ਵੀ ਕਈ ਟਵੀਟ ਕੀਤੇ ਅਤੇ ਇਕਜੁੱਟਤਾ ਦੀ ਅਪੀਲ ਕੀਤੀ। ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ ਕਿ ਇਹ ਸਮਾਂ ਇਕਜੁੱਟਤਾ ਦਿਖਾਉਣ ਦਾ ਹੈ। ਦੇਸ਼ ਲਈ ਇਕ ਨਵਾਂ ਅਤੇ ਸਾਹਸੀ ਇਤਿਹਾਸ ਲਿਖਣ ਦਾ ਵਕਤ ਹੈ। ਜਦਕਿ ਇਕ ਹੋਰ ਟਵੀਟ ਵਿਚ ਬਾਇਡਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਰਫ਼ਤਾਰ ਨੂੰ ਰੋਕਣ ਦੀ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਦੋਗੁਣਾ ਕਰ ਕੇ ਕੋਰੋਨਾ ਖ਼ਿਲਾਫ਼ ਲੜਾਈ ਦੀ ਪ੍ਰਤੀਬੱਧਤਾ ਦਿਖਾਉਣੀ ਹੈ। ਅਸੀਂ ਸਾਰੇ ਇਕਜੁੱਟ ਹਾਂ।