ਵਾਸ਼ਿੰਗਟਨ (ਏਐੱਨਆਈ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਵਿਰੋਧੀ ਅਲੈਕਸੀ ਨਵਲਨੀ ਦੀ ਜਰਮਨੀ ਤੋਂ ਰੂਸ ਪਹੁੰਚਦੇ ਹੀ ਗਿ੍ਫ਼ਤਾਰੀ 'ਤੇ ਅਮਰੀਕਾ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਅਮਰੀਕਾ ਨੇ ਕਿਹਾ ਹੈ ਕਿ ਨਵਲਨੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਐਤਵਾਰ ਨੂੰ ਵਿਰੋਧੀ ਧਿਰ ਦੇ ਆਗੂ ਨਵਲਨੀ ਜਰਮਨੀ ਵਿਚ ਪੰਜ ਮਹੀਨੇ ਤਕ ਇਲਾਜ ਕਰਾਉਣ ਪਿੱਛੋਂ ਮਾਸਕੋ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇ ਸਨ ਜਿੱਥੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੀ 2014 ਦੇ ਇਕ ਪੁਰਾਣੇ ਮਾਮਲੇ ਵਿਚ ਗਿ੍ਫ਼ਤਾਰੀ ਹੋਈ ਹੈ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਰੂਸ ਵਿਚ ਚੋਣਾਂ ਵਿਚ ਹਿੱਸਾ ਲੈਣ ਲਈ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਮਾਨ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਨਵਲਨੀ ਕੋਈ ਸਮੱਸਿਆ ਨਹੀਂ ਹੈ। ਅਸੀਂ ਉਨ੍ਹਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਦੀ ਮੰਗ ਕਰਦੇ ਹਾਂ। ਵਿਦੇਸ਼ ਮੰਤਰੀ ਨੇ ਕਿਹਾ ਕਿ ਰੂਸ ਦੀ ਜਨਤਾ ਅਜਿਹੀ ਸਰਕਾਰ ਦੇ ਲਾਇਕ ਹੈ ਜਿੱਥੇ ਵਿਚਾਰਾਂ ਦੀ ਆਜ਼ਾਦੀ, ਸਰਕਾਰ ਦੀ ਜਵਾਬਦੇਹੀ ਅਤੇ ਆਜ਼ਾਦ ਨਿਆਪਾਲਿਕਾ ਹੋਵੇ। ਜਨਤਾ ਨੂੰ ਬਿਨਾਂ ਕਿਸੇ ਡਰ ਦੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਵੀ ਹੋਵੇ। ਇਸ ਤੋਂ ਪਹਿਲੇ ਵਿਦੇਸ਼ਾਂ ਤੋਂ ਨਵਲਨੀ ਨੂੰ ਲੈ ਕੇ ਆ ਰਹੀਆਂ ਪ੍ਰਤੀਕਿ੍ਆਵਾਂ 'ਤੇ ਰੂਸ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਬ ਨੇ ਸਲਾਹ ਦਿੱਤੀ ਕਿ ਉਹ ਕੌਮਾਂਤਰੀ ਨਿਯਮਾਂ ਦਾ ਪਾਲਣ ਕਰਨ ਅਤੇ ਆਪਣੇ ਘਰੇਲੂ ਮਾਮਲਿਆਂ 'ਤੇ ਧਿਆਨ ਦੇਣ।