ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਨਿਆਂ ਵਿਭਾਗ ਨੇ ਵੱਡੇ ਪੈਮਾਨੇ 'ਤੇ ਅੰਜਾਮ ਦਿੱਤੇ ਗਏ ਹੈਕਿੰਗ ਦੇ ਇਕ ਮਾਮਲੇ ਵਿਚ ਪੰਜ ਚੀਨੀ ਨਾਗਰਿਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ 'ਤੇ ਅਮਰੀਕਾ ਅਤੇ ਭਾਰਤ ਸਰਕਾਰ ਦੇ ਨੈੱਟਵਰਕ ਸਮੇਤ ਦੂਜੇ ਕਈ ਦੇਸ਼ਾਂ ਦੀਆਂ 100 ਤੋਂ ਜ਼ਿਆਦਾ ਕੰਪਨੀਆਂ ਅਤੇ ਸੰਸਥਾਵਾਂ ਤੋਂ ਸਾਫਟਵੇਅਰ ਡਾਟਾ ਅਤੇ ਕਾਰੋਬਾਰ ਸਬੰਧੀ ਗੁਪਤ ਜਾਣਕਾਰੀਆਂ ਚੋਰੀ ਕਰਨ ਦੇ ਦੋਸ਼ ਲਗਾਏ ਗਏ ਹਨ।

ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਜੈਫਰੀ ਰੋਸੇਨ ਨੇ ਬੁੱਧਵਾਰ ਨੂੰ ਤਿੰਨ ਦੋਸ਼ਾਂ ਦਾ ਐਲਾਨ ਕੀਤਾ। ਇਨ੍ਹਾਂ ਵਿਚ ਪੰਜ ਚੀਨੀ ਨਾਗਰਿਕਾਂ 'ਤੇ ਸਮੂਹਿਕ ਤੌਰ 'ਤੇ ਕੰਪਿਊਟਰ ਹੈਕਿੰਗ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਮਲੇਸ਼ੀਆ ਦੇ ਦੋ ਨਾਗਰਿਕਾਂ 'ਤੇ ਉਨ੍ਹਾਂ ਦੀ ਮਦਦ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਨਿਆਂ ਵਿਭਾਗ ਦੇ ਬਿਆਨ ਅਨੁਸਾਰ ਮਲੇਸ਼ਿਆਈ ਨਾਗਰਿਕਾਂ ਨੂੰ ਐਤਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਜਦਕਿ ਚੀਨੀ ਨਾਗਰਿਕਾਂ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ।

ਰੋਜੇਨ ਨੇ ਚੀਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੂਜੇ ਦੇਸ਼ਾਂ ਵਿਚ ਹੈਕਿੰਗ ਨੂੰ ਉਤਸ਼ਾਹ ਦੇ ਕੇ ਆਪਣੇ ਲਈ ਫ਼ਾਇਦੇਮੰਦ ਜਾਣਕਾਰੀਆਂ ਚੋਰੀ ਕਰ ਰਹੀ ਹੈ। ਦੋਸ਼ ਅਨੁਸਾਰ, ਸਾਲ 2019 ਵਿਚ ਸਾਜ਼ਿਸ਼ਕਰਤਾ ਭਾਰਤ ਸਰਕਾਰ ਦੀਆਂ ਵੈੱਬਸਾਈਟਾਂ ਦੇ ਨਾਲ ਹੀ ਵਰਚੁਅਲ ਪ੍ਰਰਾਈਵੇਟ ਨੈੱਟਵਰਕ ਅਤੇ ਸਰਕਾਰ ਸਮਰਥਿਤ ਡਾਟਾਬੇਸ ਸਰਵਰਸ 'ਚ ਸੰਨ੍ਹ ਲਗਾਉਣ ਵਿਚ ਸਫਲ ਹੋਏ ਸਨ। ਕੰਪਿਊਟਰਾਂ 'ਚ ਸੰਨ੍ਹਾਂ ਲੱਗਣ ਨਾਲ ਅਮਰੀਕਾ ਅਤੇ ਵਿਦੇਸ਼ ਦੀਆਂ 100 ਤੋਂ ਜ਼ਿਆਦਾ ਕੰਪਨੀਆਂ ਪ੍ਰਭਾਵਿਤ ਹੋਈਆਂ ਸਨ। ਵੱਡੇ ਪੈਮਾਨੇ 'ਤੇ ਕੀਤੇ ਗਏ ਇਸ ਸਾਈਬਰ ਹਮਲੇ ਵਿਚ ਕਈ ਵਿਦੇਸ਼ੀ ਸਰਕਾਰਾਂ, ਯੂਨੀਵਰਸਿਟੀਆਂ ਅਤੇ ਥਿੰਕ ਟੈਂਕ ਦੇ ਨਾਲ ਹੀ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਆਗੂਆਂ ਅਤੇ ਵਰਕਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਚੀਨੀ ਹੈਕਰਾਂ ਨੇ ਵੀਅਤਨਾਮ ਅਤੇ ਬਿ੍ਟਿਸ਼ ਸਰਕਾਰ ਦੇ ਕੰਪਿਊਟਰ ਨੈੱਟਵਰਕ ਨੂੰ ਵੀ ਨਿਸ਼ਾਨਾ ਬਣਾਇਆ।