ਸਾਨ ਫਰਾਂਸਿਸਕੋ (ਆਈਏਐੱਨਐੱਸ) : ਸਾਈਬਰ ਹਮਲਿਆਂ ਤੋਂ ਅਮਰੀਕਾ ਨੂੰ ਨਿਜਾਤ ਨਹੀਂ ਮਿਲ ਪਾ ਰਹੀ ਹੈ। ਇਕ ਵਾਰ ਫਿਰ ਅਮਰੀਕਾ ਵਿਚ ਵੱਡੇ ਪੈਮਾਨੇ 'ਤੇ ਹੈਕਰਾਂ ਨੇ ਹਮਲਾ ਕੀਤਾ ਹੈ। ਇਨ੍ਹਾਂ ਹਮਲਿਆਂ ਦਾ ਸ਼ਿਕਾਰ ਅਮਰੀਕਾ ਦੇ ਲਗਪਗ 30 ਹਜ਼ਾਰ ਸੰਗਠਨਾਂ ਨੂੰ ਬਣਾਇਆ ਗਿਆ ਹੈ। ਇਸ ਵਿਚ ਸਰਕਾਰੀ ਸੰਗਠਨਾਂ ਨਾਲ ਹੀ ਵਪਾਰਕ ਸੰਸਥਾਨ ਵੀ ਹਨ। ਇਹ ਹਮਲੇ ਚੀਨ ਵਿਚ ਬੈਠੇ ਹੈਕਰਾਂ ਨੇ ਕੀਤੇ ਹਨ।

ਕ੍ਰੇਬਸ ਆਨ ਸਕਿਓਰਿਟੀ

ਅਨੁਸਾਰ ਚੀਨ ਸਥਿਤ ਅਸਿਪਨੇਜ ਗਰੁੱਪ ਨੇ ਇਸ ਵਾਰ ਹਮਲਿਆਂ ਲਈ ਮਾਈਕ੍ਰੋਸਾਫਟ ਦੇ ਐਕਸਚੇਂਜ ਸਰਵਰ ਈ-ਮੇਲ ਸਾਫਟਵੇਅਰ ਦੀਆਂ ਚਾਰ ਕਮਜ਼ੋਰੀਆਂ ਦਾ ਫ਼ਾਇਦਾ ਉਠਾਇਆ ਜਿਸ ਦੇ ਮਾਧਿਅਮ ਨਾਲ ਉਹ ਹਜ਼ਾਰ ਸੰਗਠਨਾਂ ਦੇ ਨੈੱਟਵਰਕ ਵਿਚ ਦਾਖ਼ਲ ਹੋਇਆ ਅਤੇ ਨੁਕਸਾਨ ਪਹੁੰਚਾਇਆ। ਉਸ ਨੇ ਸਿਸਟਮ ਵਿਚ ਪਹੁੰਚ ਕੇ ਮਾਲਵੇਅਰ ਪਾ ਦਿੱਤੇ ਹਨ। ਮਾਈਕ੍ਰੋਸਾਫਟ ਨੇ ਅਜੇ ਇਹ ਨਹੀਂ ਦੱਸਿਆ ਕਿ ਇਸ ਹਮਲੇ ਨਾਲ ਕਿੰਨਾ ਨੁਕਸਾਨ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ 30 ਹਜ਼ਾਰ ਤੋਂ ਵੀ ਜ਼ਿਆਦਾ ਸੰਗਠਨ ਇਨ੍ਹਾਂ ਹੈਕਰਾਂ ਦਾ ਸ਼ਿਕਾਰ ਹੋ ਗਏ ਹਨ। ਕ੍ਰੇਬਸ ਆਨ ਸਕਿਓਰਿਟੀ ਅਨੁਸਾਰ ਅਮਰੀਕਾ ਦੇ ਦੋ ਸਾਈਬਰ ਮਾਹਿਰਾਂ ਨੇ ਹਮਲਿਆਂ ਦੀ ਜਾਣਕਾਰੀ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੂੰ ਦਿੱਤੀ ਹੈ। ਮਾਈਕ੍ਰੋਸਾਫਟ ਨੇ ਐਕਸਚੇਂਜ ਸਰਵਰ ਦੀ ਕਮਜ਼ੋਰੀ ਦੂਰ ਕਰਨ ਲਈ ਤੁਰੰਤ ਕਈ ਸੁਰੱਖਿਆ ਅਪਡੇਟਸ ਜਾਰੀ ਕੀਤੇ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਇੰਸਟਾਲ ਕਰਨ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਹਫ਼ਤੇ ਮਾਈਕ੍ਰੋਸਾਫਟ ਨੇ ਚਿਤਾਵਨੀ ਦਿੱਤੀ ਸੀ ਕਿ ਚੀਨ ਦੇ ਹੈਕਰ ਆਰੰਭਿਕ ਤੌਰ 'ਤੇ ਐਕਸਚੇਂਜ ਸਰਵਰ 'ਤੇ ਹਮਲਾ ਕਰ ਰਹੇ ਹਨ। ਇਨ੍ਹਾਂ ਨੂੰ ਹੇਫਨਿਯਮ ਨਾਂ ਦਿੱਤਾ ਗਿਆ ਸੀ ਅਤੇ ਚੀਨ ਤੋਂ ਹੀ ਸੰਚਾਲਿਤ ਦੱਸੇ ਗਏ ਸਨ। ਹੈਕਰ ਗੁਪਤ ਜਾਣਕਾਰੀ ਹਾਸਲ ਕਰਨ ਲਈ ਖੋਜਕਾਰਾਂ, ਲਾ ਫਰਮ, ਉੱਚ ਵਿੱਦਿਅਕ ਸੰਸਥਾਨ, ਫ਼ੌਜ ਦੇ ਠੇਕੇਦਾਰਾਂ, ਪਾਲਿਸੀ ਥਿੰਕਟੈਂਕ ਅਤੇ ਐੱਨਜੀਓ ਨੂੰ ਨਿਸ਼ਾਨਾ ਬਣਾ ਰਹੇ ਹਨ। ਪਿਛਲੇ ਇਕ ਸਾਲ ਵਿਚ ਇਹ ਬਾਰ੍ਹਵੀਂ ਘਟਨਾ ਹੈ ਜਦੋਂ ਮਾਈਕ੍ਰੋਸਾਫਟ ਨੇ ਜਨਤਕ ਤੌਰ 'ਤੇ ਇਹ ਦੱਸਿਆ ਹੈ ਕਿ ਵੱਖ-ਵੱਖ ਅਦਾਰਿਆਂ 'ਤੇ ਸਾਈਬਰ ਹਮਲੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਹੈਕਰਾਂ ਨੇ ਨਾਸਾ ਨੂੰ ਵੀ ਨਿਸ਼ਾਨਾ ਬਣਾਇਆ ਸੀ।