ਇਕਵਿੰਦਰ ਸਿੰਘ, ਯੂਬਾ ਸਿਟੀ, ਕੈਲੇਫੋਰਨੀਆ : ਗੁਰਦੁਆਰਾ ਟਾਇਰਾ ਬਿਊਨਾ ਯੂਬਾ ਸਿਟੀ ਦੀ ਪ੍ਰਬੰਧਕੀ ਕਮੇਟੀ ਦੀਆਂ 15 ਤੇ 16 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਮੈਦਾਨ ਭਖ਼ ਗਿਆ ਹੈ। ਇਨ੍ਹਾਂ ਚੋਣਾਂ ਲਈ ਮੁੱਖ ਮੁਕਾਬਲਾ ਦੋ ਧਿਰਾਂ ਵਿਚਾਲੇ ਹੈ, ਜਿਨ੍ਹਾਂ ਵੱਲੋਂ ਕੁੱਲ 66 ਉਮੀਦਵਾਰ ਮੈਦਾਨ ’ਚ ਨਿੱਤਰੇ ਹੋਏ ਹਨ। ਇਨ੍ਹਾਂ ਉਮੀਦਵਾਰਾਂ ਵਿਚੋਂ ਪ੍ਰਬੰਧਕੀ ਕਮੇਟੀ ਦੇ 32 ਮੈਂਬਰਾਂ ਦੀ ਚੋਣ ਕਰਨ ਲਈ ਇਸ ਵਾਰ 6804 ਵੋਟਰ ਰਜਿਸਟਰ ਹੋਏ ਹਨ ਜੋ ਕਿ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਚੁਣਨ ਲਈ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ। ਦੋਵੇਂ ਧਿਰ ਵੋਟਰਾਂ ਨੂੰ ਆਪਣੇ ਹੱਕ ’ਚ ਭੁਗਤਾਉਣ ਲਈ ਆਪਣੇ-ਆਪਣੇ ਸਾਧਨਾਂ ਰਾਹੀਂ ਭਰਮਾਉਣ ਦਾ ਯਤਨ ਕਰ ਰਹੇ ਹਨ ਅਤੇ ਇਸ ਲਈ ਧੜਾਧੜ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ’ਚ ਕੁਝ ਕਾਨੂੰਨੀ ਅੜਚਨਾਂ ਪੈ ਗਈਆਂ ਸਨ ਤੇ ਫਿਰ ਵਿਸ਼ਵ ਭਰ ’ਚ ਫੈਲੀ ਕੋਰੋਨਾ ਮਹਾਕਾਰਨ ਕਾਰਨ ਚੋਣਾਂ ਕਰਵਾਉਣ ’ਚ ਦੇਰੀ ਹੋ ਗਈ ਪਰ ਹੁਣ 15 ਤੇ 16 ਮਈ ਨੂੰ ਗੁਰੂ ਘਰ ਦੀ ਇਮਾਰਤ ’ਚ ਹੋਣ ਜਾ ਰਹੀਆਂ ਚੋਣਾਂ ਦੌਰਾਨ ਵੋਟਰ ਆਪਣੀ ਪਸੰਦ ਦੀ ਮੈਂਬਰਾਂ ਦੀ ਚੋਣ ਕਰਨ ਲਈ ਵੋਟਾਂ ਪਾਉਣਗੇ।

ਚੋਣਾਂ ਮੈਦਾਨ ’ਚ ਨਿੱਤਰਿਆ ‘ਪੰਥਕ ਸਲੇਟ’ ਨਾਮੀ ਗਰੁੱਪ ਵੱਲੋਂ ਆਪਣੇ ਮੈਨੀਫਸਟੋ ਵਿਚ ਗੁਰਦੁਆਰੇ ਦੇ ਵਿੱਤੀ ਪ੍ਰਬੰਧਾਂ ’ਚ ਪਾਰਦਰਸ਼ਤਾ ਲਿਆਉਣ, ਬੱਚਿਆਂ ਨੂੰ ਪੰਜਾਬੀ ਪੜਾਉਣ ਦਾ ਪ੍ਰਬੰਧ ਕਰਨ, ਲੋੜਵੰਦਾਂ ਲਈ ਰਿਹਾਇਸ਼ੀ ਕਮਰਿਆਂ ਅਤੇ ਨਵੇਂ ਲੰਗਰ ਹਾਲ ਦੀ ਉਸਾਰੀ, ਫਾਈ-ਟੈਕ ਲਾਇਬਰੇਰੀ ਬਣਾਉਣ ਦਾ ਅਹਿਦ ਕੀਤਾ ਗਿਆ ਹੈ।

ਇਥੇ ਦੱਸਣਯੋਗ ਹੈ ਕਿ ਅਮਰੀਕਾ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਯੂਬਾ ਸਿਟੀ ਦੇ ਇਸ ਮਸ਼ਹੂਰ ਗੁਰੂ ਘਰ, ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕੀ ਕਮੇਟੀ ਨੂੰ ਬੋਰਡ ਆਫ ਡਾਇਰੈਕਟਰਜ਼ ਵੀ ਕਿਹਾ ਜਾਂਦਾ ਹੈ। ਇਹ ਗੁਰੂ ਘਰ ਕਰੀਬ 52 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਜੋਂ 1969 ਵਿਚ ਸਥਾਪਤ ਕੀਤਾ ਗਿਆ ਸੀ। ਇਸ ਗੁਰੂ ਘਰ ’ਚ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾਡ਼ੇ ਸਬੰਧੀ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ। ਇਹ ਨਗਰ ਕੀਰਤਨ ਹੁਣ ਅਮਰੀਕਾ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ ਜਿਸ ਵਿਚ ਹਰ ਸਾਲ ਦਸ ਤੋਂ ਪੰਦਰਾਂ ਮਿਲੀਅਨ ਸੰਗਤਾਂ ਜੁਡ਼ਦੀਆਂ ਹਨ। ਗੁਰੂ ਘਰ ਦੀ ਮੌਜੂਦਾ ਪ੍ਰਬੰਧਕ ਕਮੇਟੀ ਵਿਚ ਮਹਿੰਦਰ ਸਿੰਘ ਨਿੱਝਰ ਬਤੌਰ ਪ੍ਰਧਾਨ ਅਤੇ ਸਰਬਜੀਤ ਸਿੰਘ ਥਿਆਡ਼ਾ ਬਤੌਰ ਸਕੱਤਰ ਸੇਵਾ ਨਿਭਾਅ ਰਹੇ ਹਨ।

Posted By: Tejinder Thind