ਵਾਸ਼ਿੰਗਟਨ (ਏਜੰਸੀ) : ਗੂਗਲ ਦੀ ਸਹਾਇਕ ਕੰਪਨੀ ਵਿੰਗ ਨੇ ਵੱਡਾ ਕਾਰਨਾਮਾ ਕੀਤਾ ਹੈ। ਇਹ ਕੰਪਨੀ ਡਰੋਨ ਜ਼ਰੀਏ ਪੈਕੇਜ ਡਲਿਵਰੀ ਕਰਨ ਵਾਲੀ ਅਮਰੀਕਾ ਦੀ ਪਹਿਲੀ ਕੰਪਨੀ ਬਣ ਗਈ ਹੈ। ਛੋਟੇ ਵਰਜੀਨੀਆ ਸ਼ਹਿਰ ਨੂੰ ਇਸ ਟੈਸਟ ਲਈ ਚੁਣਿਆ ਗਿਆ ਸੀ। ਵਿੰਗ ਇਸ ਤੋਂ ਪਹਿਲਾਂ ਦੋ ਆਸਟ੍ਰੇਲਿਆਈ ਸ਼ਹਿਰਾਂ 'ਚ ਸਫ਼ਲਤਾਪੂਰਵਕ ਅਜਿਹਾ ਕਰ ਚੁੱਕੀ ਹੈ।

ਵਿੰਗ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਪਹਿਲੀ ਡਰੋਨ ਸੰਚਾਲਿਤ ਡਲਿਵਰੀ ਵਰਜੀਨੀਆ 'ਚ ਸ਼ੁੱਕਰਵਾਰ ਦੁਪਹਿਰੇ ਸ਼ੁਰੂ ਹੋਈ। ਇਕ ਪਰਿਵਾਰ ਨੇ ਵਿੰਗ ਐਪ ਦੀ ਵਰਤੋਂ ਕਰਦੇ ਹੋਏ ਦਵਾਈਆਂ ਮੰਗਵਾਈਆਂ। ਉੱਥੇ ਹੀ ਦੂਸਰੇ ਆਰਡਰ 'ਚ ਇਕ ਸ਼ਖ਼ਸ ਨੇ ਆਪਣੀ ਪਤਨੀ ਲਈ ਬਰਥਡੇ ਗਿਫਟ ਮੰਗਵਾਇਆ। ਜ਼ਿਆਦਾਤਰ ਡਲਿਵਰੀ ਫੈਡੈਕਸ ਟਰੱਕ ਰਾਹੀਂ ਕੀਤੀਆਂ ਗਈਆਂ ਪਰ ਅਖੀਰਲੀਆਂ ਕੁਝ ਡਲਿਵਰੀ ਡਰੋਨ ਰਾਹੀਂ ਵੀ ਹੋਈਆਂ। ਨੈਸਟ ਅਖਵਾਉਣ ਵਾਲੇ ਪੀਲੇ ਤੇ ਸਫ਼ੈਦ ਰੰਗ ਦੇ ਇਸ ਡਰੋਨ 'ਚ ਵਿੰਗ ਮੁਲਾਜ਼ਮਾਂ ਨੇ 3 ਪਾਊਂਡ ਯਾਨੀ 1.2 ਕਿੱਲੋ ਵਜ਼ਨੀ ਸਾਮਾਨ ਪੈਕ ਕੀਤਾ ਤੇ 10 ਕਿੱਲੋ ਦੇ ਦਾਇਰੇ 'ਚ ਸਫ਼ਲਤਾਪੂਰਵਕ ਪਹੁੰਚਾਇਆ। ਇਕ ਵਾਰ ਮੰਜ਼ਿਲ ਤਕ ਪਹੁੰਚਣ ਤੋਂ ਬਾਅਦ ਡਰੋਨ ਜ਼ਮੀਨ 'ਤੇ ਨਹੀਂ ਉੱਤਰਿਆ, ਇਸ ਦੀ ਬਜਾਏ ਘਰ ਉੱਪਰ ਮੰਡਰਾਉਂਦਾ ਰਿਹਾ ਤੇ ਤਾਰ ਜ਼ਰੀਏ ਪੈਕੇਜ ਉਤਾਰਿਆ ਗਿਆ।

Posted By: Seema Anand