ਨਿਊਯਾਰਕ (ਏਜੰਸੀਆਂ) : ਦੁਨੀਆ ਭਰ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 60 ਲੱਖ ਤੋਂ ਜ਼ਿਆਦਾ ਹੋ ਗਈ ਹੈ। ਚੀਨ, ਯੂਰਪ ਅਤੇ ਅਮਰੀਕਾ ਪਿੱਛੋਂ ਹੁਣ ਲਾਤੀਨੀ ਅਮਰੀਕੀ ਦੇਸ਼ਾਂ (ਬ੍ਰਾਜ਼ੀਲ, ਚਿਲੀ ਅਤੇ ਮੈਕਸੀਕੋ) ਵਿਚ ਇਸ ਬਿਮਾਰੀ ਦਾ ਕਹਿਰ ਜਾਰੀ ਹੈ। ਬ੍ਰਾਜ਼ੀਲ ਵਿਚ ਤਾਂ ਪਿਛਲੇ 24 ਘੰਟਿਆਂ ਵਿਚ ਰਿਕਾਰਡ 33,724 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਕ ਕਿਸੇ ਵੀ ਦੇਸ਼ ਵਿਚ ਇਕ ਦਿਨ ਵਿਚ ਏਨੀ ਜ਼ਿਆਦਾ ਗਿਣਤੀ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ ਨਹੀਂ ਮਿਲੇ ਸਨ। ਇਸ ਤਰ੍ਹਾਂ ਦੇਸ਼ ਵਿਚ ਕੁਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 5,01,985 ਹੋ ਗਈ ਹੈ। ਮਿ੍ਤਕਾਂ ਦੀ ਗਿਣਤੀ ਦੇ ਮਾਮਲੇ ਵਿਚ ਅਮਰੀਕਾ, ਬਿ੍ਟੇਨ ਅਤੇ ਇਟਲੀ ਦੇ ਬਾਅਦ ਚੌਥੇ ਸਥਾਨ 'ਤੇ ਬ੍ਰਾਜ਼ੀਲ (28,872) ਆ ਗਿਆ ਹੈ। ਦੁਨੀਆ ਭਰ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਵਧਣ ਦੇ ਅੰਕੜਿਆਂ ਨੂੰ ਦੇਖੀਏ ਤਾਂ 10 ਜਨਵਰੀ ਨੂੰ ਵੁਹਾਨ ਵਿਚ 40 ਮਾਮਲਿਆਂ ਦਾ ਪਤਾ ਲੱਗਾ ਸੀ। ਇਕ ਅਪ੍ਰਰੈਲ ਨੂੰ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 10 ਲੱਖ ਹੋ ਗਈ ਸੀ। ਇਸ ਪਿੱਛੋਂ ਹਰੇਕ ਦੋ ਹਫ਼ਤਿਆਂ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਚ 10 ਲੱਖ ਦਾ ਵਾਧਾ ਹੁੰਦਾ ਗਿਆ। ਖ਼ਾਸ ਗੱਲ ਇਹ ਹੈ ਕਿ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਬਾਵਜੂਦ ਕਈ ਦੇਸ਼ ਪਾਬੰਦੀਆਂ ਹਟਾ ਰਹੇ ਹਨ ਅਤੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਵਾਲੇ ਕਦਮ ਚੁੱਕ ਰਹੇ ਹਨ।

ਪਾਕਿਸਤਾਨ 'ਚ ਮੰਤਰੀ ਕੋਰੋਨਾ ਪਾਜ਼ੇਟਿਵ

ਪਾਕਿਸਤਾਨ ਵਿਚ ਨਾਰਕੋਟਿਕਸ ਕੰਟਰੋਲ ਦੇ ਰਾਜ ਮੰਤਰੀ ਸ਼ੇਹਰਯਾਰ ਅਫਰੀਦੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਅਫਰੀਦੀ ਨੇ ਟਵੀਟ ਕੀਤਾ ਕਿ ਮੈਂ ਕੋਰੋਨਾ ਤੋਂ ਪ੍ਰਭਾਵਿਤ ਪਾਇਆ ਗਿਆ ਹਾਂ ਅਤੇ ਮੈਨੂੰ ਅਹਿਤਿਆਤ ਵਜੋਂ ਖ਼ੁਦ ਨੂੰ ਘਰ ਵਿਚ ਕੁਆਰੰਟਾਈਨ ਕੀਤਾ ਗਿਆ ਹੈ। ਮੈਨੂੰ ਦੁਆਵਾਂ ਅਤੇ ਪ੍ਰਾਰਥਨਾਵਾਂ ਦੀ ਲੋੜ ਹੈ। ਸ਼ੇਹਰਯਾਰ ਤੋਂ ਪਹਿਲੇ ਸਿੰਧ ਦੇ ਗਵਰਨਰ ਇਮਰਾਨ ਇਸਮਾਈਲ ਅਤੇ ਕੌਮੀ ਅਸੈਂਬਲੀ ਦੇ ਸਪੀਕਰ ਅਸਦ ਕੇਸਰ ਕੋਰੋਨਾ ਪ੍ਰਭਾਵਿਤ ਪਾਏ ਗਏ ਸਨ। ਹਾਲਾਂਕਿ ਹੁਣ ਦੋਵੇਂ ਸਿਹਤਯਾਬ ਹੋ ਚੁੱਕੇ ਹਨ। ਪਾਕਿਸਤਾਨ ਵਿਚ ਮਰੀਜ਼ਾਂ ਦੀ ਗਿਣਤੀ 69,474 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 1,483 ਹੋ ਗਈ ਹੈ।

ਸਾਊਦੀ ਅਰਬ 'ਚ ਮਸਜਿਦਾਂ ਖੋਲ੍ਹੀਆਂ

ਸਾਊਦੀ ਅਰਬ ਵਿਚ ਐਤਵਾਰ ਨੂੰ ਮਸਜਿਦਾਂ ਫਿਰ ਤੋਂ ਖੁੱਲ੍ਹ ਗਈਆਂ। ਹਾਲਾਂਕਿ ਨਮਾਜ਼ ਪੜ੍ਹਨ ਲਈ ਆਉਣ ਵਾਲੇ ਲੋਕਾਂ ਨੂੰ ਮਾਸਕ ਲਗਾਉਣ ਦੇ ਨਾਲ ਹੀ ਕਿਸੇ ਨਾਲ ਹੱਥ ਮਿਲਾਉਣ ਅਤੇ ਗਲ਼ੇ ਮਿਲਣ ਦੀ ਪਾਬੰਦੀ ਹੋਵੇਗੀ। 15 ਸਾਲ ਤੋਂ ਘੱਟ ਉਮਰ ਦੇ ਬੱਚੇ ਮਸਜਿਦ ਨਹੀਂ ਜਾ ਸਕਣਗੇ। ਮੁਸਲਮਾਨਾਂ ਦਾ ਪਵਿੱਤਰ ਸਥਾਨ ਮੱਕਾ ਅਜੇ ਬੰਦ ਹੀ ਰਹੇਗਾ।

ਯੇਰੂਸ਼ਲਮ 'ਚ ਅਲ ਅਕਸਾ ਮਸਜਿਦ ਖੁੱਲ੍ਹੀ

ਮੱਕਾ ਅਤੇ ਮਦੀਨਾ ਦੇ ਬਾਅਦ ਮੁਸਲਿਮਾਂ ਦੇ ਤੀਜੇ ਸਭ ਤੋਂ ਪਵਿੱਤਰ ਸਥਾਨ ਅਲ ਅਕਸਾ ਮਸਜਿਦ ਨੂੰ ਐਤਵਾਰ ਨੂੰ ਖੋਲ੍ਹ ਦਿੱਤਾ ਗਿਆ। ਯੇਰੂਸ਼ਲਮ ਸਥਿਤ ਇਸ ਮਸਜਿਦ ਦੇ ਖੁੱਲ੍ਹਣ ਤੋਂ ਪਹਿਲੇ ਹੀ ਵੱਡੀ ਗਿਣਤੀ ਵਿਚ ਲੋਕ ਇਸ ਦੇ ਬਾਹਰ ਇਕੱਤਰ ਹੋ ਗਏ ਸਨ। ਸਾਰਿਆਂ ਨੇ ਸਰਜੀਕਲ ਮਾਸਕ ਪਾਏ ਹੋਏ ਸਨ। ਮਸਜਿਦ 'ਚ ਦਾਖ਼ਲੇ ਤੋਂ ਪਹਿਲੇ ਸਾਰਿਆਂ ਦੇ ਤਾਪਮਾਨ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕੋਰੋੋਨਾ ਦੇ ਮਰੀਜ਼ ਵਧਣ ਕਾਰਨ ਇਜ਼ਰਾਈਲ ਦੇ ਸਿਹਤ ਮੰਤਰੀ ਨੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।

ਰੂਸ 'ਚ 138 ਲੋਕਾਂ ਦੀ ਮੌਤ

ਪਿਛਲੇ 24 ਘੰਟਿਆਂ ਦੌਰਾਨ ਰੂਸ ਵਿਚ ਕੋਰੋਨਾ ਕਾਰਨ 138 ਹੋਰ ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4,693 ਹੋ ਗਈ ਹੈ। ਇਨਫੈਕਸ਼ਨ ਦੇ 9,268 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਉੱਥੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 4,05, 843 ਹੋ ਗਈ ਹੈ।