ਵਾਸ਼ਿੰਗਟਨ (ਏਜੰਸੀਆਂ) : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਹੇ ਅਮਰੀਕਾ 'ਚ ਇਨਫੈਕਟਿਡ ਲੋਕਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੇਸ਼ 'ਚ ਲਗਾਤਾਰ 27ਵੇਂ ਦਿਨ ਇਕ ਲੱਖ ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਪਾਏ ਗਏ। ਬੀਤੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ ਇਕ ਲੱਖ 43 ਹਜ਼ਾਰ ਤੋਂ ਵੱਧ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਨਾਲ ਪੀੜਤਾਂ ਦੀ ਕੁਲ ਗਿਣਤੀ ਵਧ ਕੇ ਇਕ ਕਰੋੜ 31 ਲੱਖ 42 ਹਜ਼ਾਰ ਤੋਂ ਵੱਧ ਹੋ ਗਈ। ਹੁਣ ਤਕ ਕੁਲ ਦੋ ਲੱਖ 65 ਹਜ਼ਾਰ ਤੋਂ ਵੱਧ ਪੀੜਤਾਂ ਦੀ ਜਾਨ ਗਈ ਹੈ।

ਅਮਰੀਕਾ ਦੇ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਰੀਵੈਂਸ਼ਨ (ਸੀਡੀਸੀ) ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ 'ਚ ਇਕ ਲੱਖ 43 ਹਜ਼ਾਰ 333 ਨਵੇਂ ਪਾਜ਼ੇਟਿਵ ਕੇਸ ਮਿਲ ਗਏ। ਜਦਕਿ ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਡਾਟੇ ਮੁਤਾਬਕ, ਅਮਰੀਕਾ 'ਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 50 ਲੱਖ ਤੋਂ ਪਾਰ ਪਹੁੰਚ ਗਈ ਹੈ। ਇਸ ਦੌਰਾਨ ਨਿਊਯਾਰਕ ਦੇ ਮੇਅਰ ਬਿੱਲ ਡੀ ਬਲਾਸੀਓ ਨੇ ਸ਼ਹਿਰ 'ਚ ਸੱਤ ਦਸੰਬਰ ਤੋਂ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਦੁਨੀਆ 'ਚ ਕੋਰੋਨਾ ਮਹਾਮਾਰੀ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੈ। ਇਸ ਦੇਸ਼ 'ਚ ਸਭ ਤੋਂ ਵੱਧ ਇਨਫੈਕਟਿਡ ਟੈਕਸਾਸ 'ਚ ਹਨ। ਇਸ ਸੂਬੇ 'ਚ ਹੁਣ ਤਕ ਸਾਢੇ 12 ਲੱਖ ਤੋਂ ਵੱਧ ਮਾਮਲੇ ਮਿਲੇ ਹਨ। ਕੈਲੀਫੋਰਨੀਆ 'ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 12 ਲੱਖ ਤੋਂ ਵੱਧ ਹੋ ਗਈ ਹੈ। ਜਦਕਿ ਫਲੋਰੀਡਾ 'ਚ ਕਰੀਬ ਦਸ ਲੱਖ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਇੱਥੇ ਰਿਹਾ ਇਹ ਹਾਲ

ਬ੍ਰਾਜ਼ੀਲ : 24 ਹਜ਼ਾਰ ਸਾਲ ਤੋਂ ਨਵੇਂ ਕੇਸ ਮਿਲਣ ਨਾਲ ਇਨਫੈਕਟਿਡ ਦਾ ਅੰਕੜਾ 63 ਲੱਖ ਦੇ ਪਾਰ ਪਹੁੰਚ ਗਿਆ ਹੈ। ਇੱਥੇ ਕੁਲ ਇਕ ਲੱਖ 72 ਹਜ਼ਾਰ ਦੀ ਮੌਤ ਹੋਈ ਹੈ।

ਰੂਸ : 26 ਹਜ਼ਾਰ 338 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਪੀੜਤਾਂ ਦੀ ਗਿਣਤੀ ਕਰੀਬ 23 ਲੱਖ ਹੋ ਗਈ ਹੈ। ਕੁਲ ਕਰੀਬ 39 ਹਜ਼ਾਰ ਰੋਗੀਆਂ ਦੀ ਜਾਨ ਗਈ ਹੈ।

ਮੈਕਸੀਕੋ : ਦੇਸ਼ 'ਚ 6,388 ਨਵੇਂ ਰੋਗੀ ਪਾਏ ਜਾਣ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ 11 ਲੱਖ ਤੋਂ ਵੱਧ ਹੋ ਗਿਆ ਹੈ। ਹੁਣ ਤਕ ਇਕ ਲੱਖ ਪੰਜ ਹਜ਼ਾਰ ਦੀ ਮੌਤ ਹੋਈ ਹੈ।