ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਜਾਣ ਲਈ ਐੱਚ-1ਬੀ ਵੀਜ਼ਾ ਹਾਸਲ ਕਰਨਾ ਹੁਣ ਸੌਖਾ ਹੋਵੇਗਾ। ਇਸ ਤੋਂ ਇਲਾਵਾ ਪਰਵਾਸੀਆਂ ਲਈ ਆਪਣੇ ਦੇਸ਼ ਦੀ ਯਾਤਰਾ ਕਰਨ ਤੋਂ ਬਾਅਦ ਅਮਰੀਕਾ ਪਰਤਣਾ ਵੀ ਸੌਖਾ ਹੋਵੇਗਾ। ਏਸ਼ਿਆਈ ਅਮਰੀਕੀ ਤੇ ਪ੍ਰਸ਼ਾਂਤ ਖੇਤਰ ਦੇ ਲੋਕਾਂ ’ਤੇ ਰਾਸ਼ਟਰਪਤੀ ਦੇ ਇਕ ਕਮਿਸ਼ਨ ਨੇ ਅਮਰੀਕਾ ’ਚ ਹੀ ਐੱਚ-1ਬੀ ਵੀਜ਼ੇ ’ਤੇ ਮੋਹਰ ਲਗਾਉਣ ਦੀ ਸਰਬਸੰਮਤੀ ਨਾਲ ਸਿਫ਼ਾਰਸ਼ ਕੀਤੀ ਹੈ। ਜੇਕਰ ਰਾਸ਼ਟਰਪਤੀ ਜੋਅ ਬਾਇਡਨ ਇਸ ਦੀ ਮਨਜ਼ੂਰੀ ਦੇ ਦਿੰਦੇ ਹਨ ਤਾਂ ਇਸ ਨਾਲ ਹਜ਼ਾਰਾਂ ਪੇਸ਼ੇਵਰਾਂ ਖ਼ਾਸ ਤੌਰ ’ਤੇ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ।

ਮੌਜੂਦਾ ਪ੍ਰਕਿਰਿਆ ਤਹਿਤ ਕਿਸੇ ਵਿਅਕਤੀ ਨੂੰ ਆਪਣੇ ਦੇਸ਼ ਦੇ ਅਮਰੀਕੀ ਦੂਤਘਰ ’ਚ ਵੀਜ਼ੇ ’ਤੇ ਮੋਹਰ ਲਈ ਅਪਲਾਈ ਕਰਨਾ ਪੈਂਦਾ ਹੈ। ਕਮਿਸ਼ਨ ਦੇ ਮੈਂਬਰ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਜੈਨ ਭੁਟੋਰੀਆ ਨੇ ਐੱਚ-1ਬੀ ਵੀਜ਼ੇ ’ਤੇ ਅਮਰੀਕਾ ’ਚ ਮੋਹਰ ਲਗਾਉਣ ਦਾ ਸੁਝਾਅ ਦਿੱਤਾ ਸੀ।

ਭੁਟੋਰੀਆ ਨੇ ਕਮਿਸ਼ਨ ਦੀ ਬੈਠਕ ’ਚ ਕਿਹਾ ਕਿ ਵੀਜ਼ਾਧਾਰਕਾਂ ਨੂੰ ਇਸ ਦਾ ਨਵੀਨੀਕਰਨ ਕਰਾਉਣ ਜਾਂ ਆਪਣੇ ਦੇਸ਼ ਦੀ ਯਾਤਰਾ ਕਰਨ ਤੋਂ ਬਾਅਦ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਅਲੱਗ ਹੋਣਾ ਪੈਂਦਾ ਹੈ। ਅਜਿਹੇ ਹਾਲਾਤ ਵੀ ਆਉਂਦੇ ਹਨ ਜਦੋਂ ਕਈ ਲੋਕਾਂ ਦੇ ਮਾਤਾ-ਪਿਤਾ ਆਈਸੀਯੂ ’ਚ ਭਰਤੀ ਹੁੰਦੇ ਹਨ ਜਾਂ ਕਿਸੇ ਦੇ ਰਿਸ਼ਤੇਦਾਰ ਦਾ ਦੇਹਾਂਤ ਹੋ ਜਾਂਦਾ ਹੈ ਪਰ ਉਹ ਆਪਣੇ ਦੇਸ਼ ਨਹੀਂ ਪਰਤ ਸਕਦੇ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਵੀਜ਼ਾ ਅਰਜ਼ੀ ਲਟਕ ਨਾ ਜਾਵੇ।

ਭਾਰਤ ’ਚ ਹਾਲੇ ਵੀਜ਼ਾ ਮਿਲਣ ਲਈ 844 ਦਿਨ ਕਰਨੀ ਪੈਂਦੀ ਹੈ ਉਡੀਕ

ਐੱਚ-1ਬੀ ਵੀਜ਼ਾ ਹਾਸਲ ਕਰਨ ਜਾਂ ਉਸ ਦੇ ਨਵੀਨੀਕਰਨ ਲਈ ਵੱਡੀ ਗਿਣਤੀ ’ਚ ਲੋਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ। ਭਾਰਤ ’ਚ ਹਾਲੇ ਵੀਜ਼ਾ ਹਾਸਲ ਕਰਨ ਲਈ 844 ਦਿਨਾਂ ਦੀ ਉਡੀਕ ਕਰਨੀ ਪੈਂਦੀ ਹੈ। ਪਾਕਿਸਤਾਨ, ਬੰਗਲਾਦੇਸ਼ ਤੇ ਕਈ ਹੋਰਨਾਂ ਦੇਸ਼ਾਂ ’ਚ ਵੀ ਅਜਿਹੇ ਹੀ ਹਾਲਾਤ ਹਨ। ਇਸ ਹਾਲਤ ’ਚ ਉਨ੍ਹਾਂ ਦੇ ਵੀਜ਼ੇ ’ਤੇ ਮੋਹਰ ਨਹੀਂ ਲੱਗਦੀ ਤੇ ਉਹ ਫਸ ਜਾਂਦੇ ਹਨ।

ਕੀ ਹੈ ਐੱਚ-1ਬੀ ਵੀਜ਼ਾ

ਐੱਚ-1ਬੀ ਵੀਜ਼ਾ ਇਕ ਨਾਨ-ਇਮੀਗ੍ਰੈਂਟ ਵੀਜ਼ਾ ਹੈ। ਇਸ ਨਾਲ ਅਮਰੀਕੀ ਕੰਪਨੀਆਂ ਨੂੰ ਮਨਜ਼ੂਰੀ ਮਿਲਦੀ ਹੈ ਕਿ ਉਹ ਮੁਹਾਰਤ ਪ੍ਰਾਪਤ ਪੇਸ਼ੇ ’ਚ ਵਿਦੇਸ਼ੀ ਮੁਲਾਜ਼ਮਾਂ ਦੀ ਭਰਤੀ ਕਰਨ। ਕਈ ਤਕਨੀਕੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਦੀ ਭਰਤੀ ਲਈ ਇਸ ’ਤੇ ਨਿਰਭਰ ਰਹਿੰਦੀਆਂ ਹਨ।

Posted By: Shubham Kumar